ਦੁਬਈ, 5 ਅਕਤੂਬਰ
ਆਪਣੇ ਗੇਂਦਬਾਜ਼ਾਂ ਦੇ ਅਨੁਸ਼ਾਸਿਤ ਪ੍ਰਦਰਸ਼ਨ ਤੋਂ ਬਾਅਦ ਆਖ਼ਰੀ ਓਵਰਾਂ ਵਿਚ ਸ਼ਿਮਰੋਨ ਹੈੱਟਮਾਇਰ ਦੀ ਸਮਝਦਾਰੀ ਭਰੀ ਬੱਲੇਬਾਜ਼ੀ ਨਾਲ ਦਿੱਲੀ ਕੈਪੀਟਲਸ ਨੇ ਚੇਨੱਈ ਸੁਪਰ ਕਿੰਗਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਆਈਪੀਐੱਲ ਦੀ ਅੰਕ ਸੂਚੀ ਵਿਚ ਸਿਖ਼ਰਲਾ ਸਥਾਨ ਹਾਸਲ ਕਰ ਲਿਆ। 137 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੂੰ ਆਖ਼ਰੀ ਤਿੰਨ ਓਵਰਾਂ ਵਿਚ 28 ਦੌੜਾਂ ਚਾਹੀਦੀਆਂ ਸਨ। ਹੈੱਟਮਾਇਰ ਨੇ ਡਵੇਨ ਬਰਾਵੋ ਦੇ ਓਵਰ ਵਿਚ 12 ਅਤੇ ਜੋਸ਼ ਹੇਜ਼ਲਵੁੱਡ ਦੇ ਓਵਰ ਵਿਚ 10 ਦੌੜਾਂ ਬਣਾਈਆਂ। ਆਖ਼ਰੀ ਓਵਰ ਦੀਆਂ ਦੋ ਗੇਂਦ ਬਾਂਕੀ ਰਹਿੰਦੇ ਹੋਏ ਬਾਕੀ ਛੇ ਦੌੜਾਂ ਵੀ ਬਣਾ ਲਈਆਂ ਗਈਆਂ। ਹੈੱਟਮਾਇਰ 18 ਗੇਂਦਾਂ ਵਿਚ 28 ਦੌੜਾਂ ਬਣਾ ਕੇ ਨਾਬਾਦ ਰਿਹਾ।