ਨਵੀਂ ਦਿੱਲੀ, 5 ਜੁਲਾਈ
ਭਾਰਤੀ ਓਲੰਪਿਕ ਅੈਸੋਸੀਏਸ਼ਨ (ਆਈਓਏ) ਦੀ ਐਡਹਾਕ ਕਮੇਟੀ ਦੀ ਅੱਜ ਇੱਥੇ ਮੀਟਿੰਗ ਹੋਈ ਪਰ ਏਸ਼ਿਆਈ ਓਲੰਪਿਕ ਕੌਂਸਲ (ਓਸੀਏ) ਨੇ 15 ਜੁਲਾਈ ਦੀ ਸਮਾਂ ਸੀਮਾ ਵਧਾਉਣ ਦੀ ਅਪੀਲ ਦਾ ਹਾਲੇ ਜਵਾਬ ਨਹੀਂ ਦਿੱਤਾ, ਜਿਸ ਕਰਕੇ ਮੀਟਿੰਗ ਵਿੱਚ ਏਸ਼ਿਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਸ਼ਤੀ ਟਰਾਇਲ ਕਰਵਾਉਣ ਦੀ ਤਰੀਕ ਤੈਅ ਨਹੀਂ ਕੀਤੀ ਜਾ ਸਕੀ। ਆਈਓਏ ਨੂੰ 15 ਜੁਲਾਈ ਤੱਕ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਰਤੀ ਖਿਡਾਰੀਆਂ ਦੇ ਨਾਂ ਦੇਣੇ ਹਨ। ਇਹ ਸਮਾਂ ਸੀਮਾ 10 ਅਗਸਤ ਤੱਕ ਵਧਾਉਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਖ਼ਿਲਾਫ਼ ਕਾਰਵਾਈ ਲਈ ਸੰਘਰਸ਼ ਕਰਨ ਵਾਲੇ ਪਹਿਲਵਾਨਾਂ ਨੂੰ ਤਿਆਰੀ ਲਈ ਸਮਾਂ ਮਿਲ ਸਕੇ। ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਵਿਨੇਸ਼ ਫੋਗਾਟ ਸਮੇਤ ਛੇ ਪਹਿਲਵਾਨਾਂ ਨੇ ਏਸ਼ਿਆਈ ਖੇਡਾਂ ਦੇ ਟਰਾਇਲਾਂ ਦੀ ਤਿਆਰੀ ਲਈ ਖੇਡ ਮੰਤਰਾਲੇ ਤੋਂ ਵਾਧੂ ਸਮਾਂ ਮੰਗਿਆ ਹੈ। ਐਡਹਾਕ ਕਮੇਟੀ ਨੇ ਉਨ੍ਹਾਂ ਨੂੰ ਏਸ਼ਿਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲਾਂ ਤੋਂ ਛੋਟ ਦਿੱਤੀ ਹੈ ਅਤੇ ਹੁਣ ਉਨ੍ਹਾਂ ਨੂੰ ਸਿਰਫ਼ ਇੱਕ ਮੈਚ ਖੇਡਣਾ ਪਵੇਗਾ। ਇਸ ਫੈਸਲੇ ਦੀ ਕਾਫੀ ਨਿਖੇਧੀ ਹੋਈ ਹੈ। ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਬਾਜਵਾ ਨੇ ਕਿਹਾ, “ਇੱਕ-ਦੋ ਦਿਨ ਉਡੀਕ ਕਰੋ। ਉਮੀਦ ਹੈ ਕਿ ਓਸੀਏ ਦਾ ਜਵਾਬ ਇੱਕ-ਦੋ ਦਿਨਾਂ ਵਿੱਚ ਆ ਜਾਵੇਗਾ। ਸਮਾਂ ਸੀਮਾ ਵਿੱਚ ਵਾਧੇ ਬਾਰੇ ਹਾਲੇ ਸਾਨੂੰ ਕੋਈ ਸੰਕੇਤ ਨਹੀਂ ਮਿਲਿਆ ਪਰ ਵੀਰਵਾਰ ਤੱਕ ਚੰਗੀ ਖ਼ਬਰ ਮਿਲਣ ਦੀ ਉਮੀਦ ਹੈ।’’ ਕੁਸ਼ਤੀ ਕੋਚ ਅਤੇ ਅੈਡਹਾਕ ਕਮੇਟੀ ਦੇ ਮੈਂਬਰ ਗਿਆਨ ਸਿੰਘ ਨੇ ਕਿਹਾ, ‘‘ਹਾਲੇ ਕੋਈ ਪੁਸ਼ਟੀ ਨਹੀਂ ਹੋਈ ਪਰ ਸਾਨੂੰ ਲੱਗਦਾ ਹੈ ਕਿ ਸਮਾਂ ਸੀਮਾ ਵਧ ਜਾਵੇਗੀ। ਅੱਜ ਮੀਟਿੰਗ ਹੋਈ ਪਰ ਕੋਈ ਫੈਸਲਾ ਨਹੀਂ ਲਿਆ ਗਿਆ। ਹੁਣ 6 ਜੁਲਾਈ ਨੂੰ ਇੱਕ ਹੋਰ ਮੀਟਿੰਗ ਹੋਵੇਗੀ। ਇੰਨੇ ਥੋੜ੍ਹੇ ਸਮੇਂ ਵਿੱਚ ਟਰਾਇਲ ਨਹੀਂ ਕਰਵਾਏ ਜਾ ਸਕਦੇ।’’