ਇਸਲਾਮਾਬਾਦ, 20 ਸਤੰਬਰ

ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਯੂਕਰੇਨ ’ਚ ਵਰਤਣ ਵਾਸਤੇ ਅਮਰੀਕਾ ਨੂੰ ਖੁਫੀਆ ਤਰੀਕੇ ਨਾਲ ਹਥਿਆਰ ਵੇਚੇ, ਜਿਸ ਨੇ ਉਸ ਨੂੰ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਤੋਂ ਅਹਿਮ ਵਿੱਤੀ ਮਦਦ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਸੀ। ਇੱਕ ਰਿਪੋਰਟ ਵਿੱਚ ਪਾਕਿਸਤਾਨ ਤੇ ਅਮਰੀਕਾ ਸਰਕਾਰ ਦੇ ਅੰਦਰੂਨੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ। ਆਨਲਾਈਨ ਜਾਂਚ ਵੈੱਬਸਾਈਟ ‘ਇੰਟਰਸੈਪਟ’ ਨੇ ਦੱਸਿਆ ਕਿ ਇਹ ਹਥਿਆਰ ਯੂਕਰੇਨ ਦੀ ਫ਼ੌਜ ਨੂੰ ਸਪਲਾਈ ਕਰਨ ਦੇ ਮਕਸਦ ਨਾਲ ਵੇਚੇ ਗਏ ਸਨ, ਜੋ ਇੱਕ ਅਜਿਹੀ ਲੜਾਈ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਨੂੰ ਦਰਸਾਉਂਦਾ ਹੈ ਜਿਸ ਵਿੱਚ ਉਸ ਨੂੰ ਕੋਈ ਪੱਖ ਲੈਣ ਲਈ ਅਮਰੀਕੀ ਦਬਾਅ ਦਾ ਸਾਹਮਣਾ ਕਰਨਾ ਪਿਆ ਸੀ ਹਾਲਾਂਕਿ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਅਮਰੀਕਾ ਦੀ ਗ਼ੈਰ-ਲਾਭਕਾਰੀ ਸਮਾਚਾਰ ਜਥੇਬੰਦੀ ਦੀ ਇਸ ਰਿਪੋਰਟ ਨੂੰ ‘ਨਿਰਾਧਾਰ ਤੇ ਮਨਘੜਤ’ ਆਖ ਕੇ ਰੱਦ ਕਰ ਦਿੱਤਾ ਅਤੇ ਕਿਹਾ ਕਿ ਨਕਦੀ ਦੀ ਘਾਟ ਨਾਲ ਜੂਝ ਰਹੇ ਦੇਸ਼ ਨੇ ਅਮਰੀਕਾ ਨੂੰ ਹਥਿਆਰ ਉਪਲੱਬਧ ਕਰਵਾਏ ਤਾਂ ਕਿ ਉਸ ਨੂੰ ਜੂਨ ਦੇ ਅਖ਼ੀਰ ਵਿੱਚ ਆਈਐੱਮਐੱਫ ਨਾਲ ਤਿੰਨ ਅਰਬ ਅਮਰੀਕੀ ਡਾਲਰ ਦਾ ਸੌਦਾ ਕਰਨ ਵਿੱਚ ਉਸ ਦੀ ਮਦਦ ਮਿਲ ਸਕੇ। ਪਾਕਿਸਤਾਨ ਪਿਛਲੇ ਸਾਲ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਮਗਰੋਂ ਅਮਰੀਕਾ ਤੇ ਰੂਸ ਨਾਲ ਸਬੰਧਾਂ ਵਿੱਚ ਸੰਤੁਲਨ ਕਾਇਮ ਰੱਖਣ ਲਈ ਜੂਝ ਰਿਹਾ ਹੈ। ‘ਡਾਅਨ ਨਿਊਜ਼’ ਨੇ ਬਲੋਚ ਦੇ ਹਵਾਲੇ ਨਾਲ ਕਿਹਾ, ‘‘ਜ਼ਰੂਰੀ ਆਰਥਿਕ ਸੁਧਾਰਾਂ ਨੂੰ ਲਾਗੂ ਕਰਨ ਲਈ ਪਾਕਿਸਤਾਨ ਤੇ ਆਈਐੱਮਐੱਫ ਵਿਚਾਲੇ ਗੱਲਬਾਤ ਹੋਈ ਸੀ। ਇਨ੍ਹਾਂ ਮੀਟਿੰਗਾਂ ਨੂੰ ਕੋਈ ਹੋਰ ਰੰਗਤ ਦੇਣਾ ਗ਼ਲਤ ਹੈ।’’