ਕੋਚੀ, 15 ਜੂਨ

ਫ਼ਿਲਮਸਾਜ਼ ਆਇਸ਼ਾ ਸੁਲਤਾਨਾ ਜਿਸ ਖ਼ਿਲਾਫ਼ ਲਕਸ਼ਦੀਪ ਪੁਲੀਸ ਨੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਹੈ, ਨੇ ਅੱਜ ਕੇਰਲਾ ਹਾਈ ਕੋਰਟ ਵਿਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਹੈ। ਆਪਣੀ ਅਰਜ਼ੀ ਵਿਚ ਸੁਲਤਾਨਾ ਨੇ ਕਿਹਾ ਕਿ ਜੇ ਉਹ ਕਵਰੱਤੀ ਜਾਂਦੀ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਪੁਲੀਸ ਨੇ ਸੁਲਤਾਨਾ ਨੂੰ 20 ਜੂਨ ਨੂੰ ਕਵਰੱਤੀ ਪੁਲੀਸ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਸੁਲਤਾਨਾ ਵਿਰੁੱਧ ਇਕ ਭਾਜਪਾ ਆਗੂ ਨੇ ਸ਼ਿਕਾਇਤ ਦਿੱਤੀ ਸੀ ਤੇ 10 ਜੂਨ ਨੂੰ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ। ਭਾਜਪਾ ਆਗੂ ਨੇ ਦੋਸ਼ ਲਾਇਆ ਹੈ ਕਿ ਸੁਲਤਾਨਾ ਨੇ ਕੋਵਿਡ ਫੈਲਣ ਬਾਰੇ ਟੀਵੀ ਚੈਨਲ ’ਤੇ ਵਿਚਾਰ-ਚਰਚਾ ਦੌਰਾਨ ਝੂਠ ਫੈਲਾਇਆ ਸੀ। ਸ਼ਿਕਾਇਤ ਭਾਜਪਾ ਦੀ ਲਕਸ਼ਦੀਪ ਇਕਾਈ ਦੇ ਪ੍ਰਧਾਨ ਅਬਦੁੱਲ ਖਾਦਰ ਨੇ ਦਿੱਤੀ ਸੀ। ਫ਼ਿਲਮਸਾਜ਼ ਖ਼ਿਲਾਫ਼ ਆਈਪੀਸੀ ਦੀ ਧਾਰਾ 124ਏ ਅਤੇ 153ਬੀ ਲਾਈ ਗਈ ਹੈ। ਖਾਦਰ ਦਾ ਕਹਿਣਾ ਹੈ ਕਿ ਸੁਲਤਾਨਾ ਨੇ ਇਕ ਮਲਿਆਲਮ ਟੀਵੀ ਚੈਨਲ ਦੇ      ਪ੍ਰੋਗਰਾਮ ਵਿਚ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਲਕਸ਼ਦੀਪ ਵਿਚ ਕੋਵਿਡ ਫੈਲਾਉਣ ਲਈ ‘ਜੈਵਿਕ ਹਥਿਆਰ’ ਵਰਤ ਰਹੀ ਹੈ। ਭਾਜਪਾ ਆਗੂ ਨੇ ਦੋਸ਼ ਲਾਇਆ ਸੀ ਕਿ ਸੁਲਤਾਨਾ ਦਾ ਇਹ ਕਹਿਣਾ ਦੇਸ਼ ਵਿਰੋਧੀ ਹੈ ਤੇ ਇਹ ਸਰਕਾਰ ਦੀ ‘ਦੇਸ਼ਭਗਤ’ ਸਾਖ਼ ਨੂੰ ਖਰਾਬ ਕਰਨ ਦੇ ਬਰਾਬਰ ਹੈ।