ਅਮਰਾਵਤੀ (ਆਂਧਰਾ ਪ੍ਰਦੇਸ਼), 9 ਮਈ
ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਰਾਜ ਵਿੱਚ ਗੁਰਦੁਆਰਿਆਂ ਨੂੰ ਪ੍ਰਾਪਰਟੀ ਟੈਕਸ ਤੋਂ ਛੋਟ ਦੇਣ ਦੇ ਨਿਰਦੇਸ਼ ਦੇਣ ਦੇ ਨਾਲ ਨਾਲ ਗ੍ਰੰਥੀਆਂ ਨੂੰ ਵੀ ਉਹ ਸਾਰੇ ਲਾਭ ਦੇਣ ਲਈ ਕਿਹਾ ਹੈ ਜੋ ਪੁਜਾਰੀਆਂ, ਪਾਦਰੀ ਅਤੇ ਮੌਲਵੀਆਂ ਨੂੰ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਮੁੱਖ ਮੰਤਰੀ ਨੇ ਰਾਜ ਵਿੱਚ ਸਿੱਖ ਭਾਈਚਾਰੇ ਦੀ ਭਲਾਈ ਲਈ ਵਿਸ਼ੇਸ਼ ਕਾਰਪੋਰੇਸ਼ਨ ਦੀ ਸਥਾਪਨਾ ਕਰਨ ਦਾ ਐਲਾਨ ਵੀ ਕੀਤਾ। ਆਂਧਰਾ ਪ੍ਰਦੇਸ਼ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਜਤਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਸਿੱਖ ਭਾਈਚਾਰੇ ਦੇ ਵਫ਼ਦ ਨੇ ਇੱਥੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਨਾਲ ਉਨ੍ਹਾਂ ਦੇ ਕੈਂਪ ਦਫ਼ਤਰ ਵਿੱਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਿੱਖਾਂ ਅਤੇ ਉਨ੍ਹਾਂ ਨਾਲ ਸਬੰਧਤ ਭਾਈਚਾਰਿਆਂ ਲਈ ਕਾਰਪੋਰੇਸ਼ਨ ਬਣਾਉਣ ਲਈ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਦੀ ਅਪੀਲ ‘ਤੇ ਗੌਰ ਕਰਦਿਆਂ ਮੁੱਖ ਮੰਤਰੀ ਨੇ ਸਿੱਖਾਂ ਲਈ ਕਮੇਟੀ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕੱਤਕ ਦੀ ਪੂਰਨਮਾਸ਼ੀ ’ਤੇ ਗੁਰੂ ਨਾਨਕ ਜਯੰਤੀ ਦੀ ਛੁੱਟੀ ਐਲਾਨਣ ’ਤੇ ਸਹਿਮਤੀ ਪ੍ਰਗਟਾਈ।