ਵੈਨਕੂਵਰ, 26 ਨਵੰਬਰ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੁ਼ੱਕਰਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦਾ ਦੌਰਾ ਕਰਨ ਜਾ ਰਹੇ ਹਨ ਜਿੱਥੇ ਉਨ੍ਹਾਂ ਵੱਲੋਂ ਐਬਸਫੋਰਡ ਦੀ ਹੜ੍ਹ ਗ੍ਰਸਤ ਫਰੇਜ਼ਰ ਵੈਲੀ ਦਾ ਦੌਰਾ ਕੀਤਾ ਜਾਵੇਗਾ। ਇਹ ਵੈਲੀ ਅੰਸ਼ਕ ਤੌਰ ਉੱਤੇ ਪਾਣੀ ਵਿੱਚ ਡੁੱਬੀ ਹੋਈ ਹੈ।
ਟਰੂਡੋ ਵੱਲੋਂ ਡਿਪਟੀ ਪ੍ਰੀਮੀਅਰ ਮਾਈਕ ਫਾਰਨਵਰਥ, ਐਬਸਫੋਰਡ ਦੇ ਮੇਅਰ ਹੈਨਰੀ ਬ੍ਰੌਨ, ਸੁਮਾਸ ਫਰਸਟ ਨੇਸ਼ਨ ਚੀਫ ਡਾਲਟਨ ਸਿਲਵਰ ਤੇ ਮਾਤਸਕੁਈ ਫਰਸਟ ਨੇਸ਼ਨ ਚੀਫ ਐਲਿਸ ਮੈਕੇਅ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਬੀਸੀ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਮਦਦ ਕਰ ਰਹੇ ਕੈਨੇਡੀਅਨ ਆਰਮਡ ਫੋਰਸਿਜ਼ ਦੇ ਮੈਂਬਰਾਂ, ਵਾਲੰਟੀਅਰਜ਼ ਨਾਲ ਵੀ ਟਰੂਡੋ ਵੱਲੋਂ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਟਰੂਡੋ ਵੱਲੋਂ ਮਾਂਟਰੀਅਲ ਦਾ ਦੌਰਾ ਕਰਕੇ ਉੱਥੋਂ ਦੇ ਮੇਅਰ ਨਾਲ ਸਵੇਰੇ 8:45 ਉੱਤੇ ਮੁਲਾਕਾਤ ਕੀਤੀ ਜਾਵੇਗੀ।ਫਰੇਜ਼ਰ ਵੈਲੀ ਦਾ ਦੌਰਾ ਕਰਨ ਤੋਂ ਬਾਅਦ ਟਰੂਡੋ ਪ੍ਰੀਮੀਅਰ ਜੌਹਨ ਹੌਰਗਨ , ਜਿਨ੍ਹਾਂ ਨੂੰ ਗਲੇ ਦਾ ਕੈਂਸਰ ਦੱਸਿਆ ਗਿਆ ਹੈ, ਦਾ ਹਾਲ ਚਾਲ ਪਤਾ ਕਰਨ ਵੀ ਜਾਣਗੇ।