ਨਵੀਂ ਦਿੱਲੀ, 8 ਜੂਨ
ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਤੋਂ ਮਹੀਨਾ ਚੱਲਣ ਵਾਲੀ ਮੁਹਿੰਮ ਦੇ ਹਿੱਸੇ ਵਜੋਂ ਦੋ ਰੋਜ਼ਾ ਆਪਣਾ ਅਭਿਆਨ ਸ਼ੁਰੂ ਕਰਨਗੇ। ਭਾਜਪਾ ਦੀ ਦਿੱਲੀ ਇਕਾਈ ਨੇ ਬਿਆਨ ‘ਚ ਕਿਹਾ ਕਿ ਜੈਸ਼ੰਕਰ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਏ ਸਿੱਖ ਸ਼ਰਨਾਰਥੀਆਂ ਨਾਲ ਵੀ ਮੁਲਾਕਾਤ ਕਰਨਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਮੰਤਰੀ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨਾਲ ਤਿਲਕ ਵਿਹਾਰ ਵਿਖੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਪ੍ਰਭਾਵਿਤ ਪਰਿਵਾਰ ਨੂੰ ਮਿਲਣਗੇ। ਬਿਆਨ ਮੁਤਾਬਕ ਜੈਸ਼ੰਕਰ ਬਸਾਈ ਦਾਰਾਪੁਰ ‘ਚ ਉਨ੍ਹਾਂ ਵਿਦਿਆਰਥੀਆਂ ਨੂੰ ਮਿਲਣਗੇ, ਜੋ ਰੂਸ ਦੇ ਯੂਕਰੇਨ ‘ਤੇ ਹਮਲੇ ਕਾਰਨ ਆਪਣੀ ਪੜ੍ਹਾਈ ਛੱਡ ਕੇ ਘਰ ਪਰਤਣ ਲਈ ਮਜਬੂਰ ਹੋਏ ਸਨ। ਇਸ ਵਿਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀ ਬਾਅਦ ਦੁਪਹਿਰ 3 ਵਜੇ ਪੱਛਮੀ ਦਿੱਲੀ ਦੇ ਮਹਾਵੀਰ ਨਗਰ ਸਥਿਤ ਗੁਰੂ ਅਰਜੁਨ ਦੇਵ ਗੁਰਦੁਆਰਾ ਸਾਹਿਬ ਜਾਣਗੇ, ਜਿੱਥੇ ਉਹ ਅਫਗਾਨ ਸਿੱਖ ਸ਼ਰਨਾਰਥੀਆਂ ਨਾਲ ਮੁਲਾਕਾਤ ਕਰਨਗੇ।