ਓਟਵਾ, 17 ਅਪਰੈਲ : ਕੈਨੇਡਾ ਦੀ ਸੱਭ ਤੋਂ ਵੱਡੀ ਫੈਡਰਲ ਪਬਲਿਕ ਸਰਵਿਸ ਯੂਨੀਅਨ ਵੱਲੋਂ ਵੀਕੈਂਡ ਉੱਤੇ ਇੰਪਲੌਇਰ ਨਾਲ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਹੜਤਾਲ ਉੱਤੇ ਜਾਣ ਦਾ ਸੰਕੇਤ ਦਿੱਤਾ ਹੈ। ਕੈਨੇਡਾ ਦੇ ਇਤਿਹਾਸ ਵਿੱਚ ਇਹ ਇੱਕਲੇ ਇੰਪਲੌਇਰ ਖਿਲਾਫ ਹੋਣ ਵਾਲੀ ਸੱਭ ਤੋਂ ਵੱਡੀ ਹੜਤਾਲ ਹੋ ਸਕਦੀ ਹੈ।
ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਤੇ ਟਰੇਜ਼ਰੀ ਬੋਰਡ ਦਰਮਿਆਨ ਵੀਕੈਂਡ ਤੱਕ ਗੱਲਬਾਤ ਚੱਲ ਰਹੀ ਸੀ ਤੇ ਯੂਨੀਅਨ ਇਹ ਆਖ ਰਹੀ ਸੀ ਕਿ ਡੀਲ ਉੱਤੇ ਪਹੁੰਚਣ ਲਈ ਸਰਕਾਰ ਕੋਲ ਇਹ ਆਖਰੀ ਮੌਕਾ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਯੂਨੀਅਨ ਨੇ ਸੋਮਵਾਰ ਸਵੇਰੇ ਓਟਵਾ ਵਿੱਚ ਨਿਊਜ਼ ਕਾਨਫਰੰਸ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਵੀ ਆਖਿਆ ਗਿਆ ਕਿ ਸਰਕਾਰ ਕੋਲ ਵਰਕਰਜ਼ ਪ੍ਰਤੀ ਸਨਮਾਨ ਵਿਖਾਉਣ ਦਾ ਇਹੋ ਆਖਰੀ ਮੌਕਾ ਹੈ। ਵਰਕਰਜ਼ ਇਸ ਤੋਂ ਜਿ਼ਆਦਾ ਉਡੀਕ ਨਹੀਂ ਕਰ ਸਕਦੇ ਤੇ ਅਸੀਂ ਹੜਤਾਲ ਕਰਨ ਲਈ ਤਿਆਰ ਹਾਂ। ਕੁੱਲ 155,000 ਇੰਪਲੌਈਜ਼ ਹੜਤਾਲ ਉੱਤੇ ਜਾਣ ਲਈ ਕਾਹਲੇ ਹਨ, ਇਨ੍ਹਾਂ ਵਿੱਚ 35,000 ਵਰਕਰਜ਼ ਤਾਂ ਕੈਨੇਡਾ ਰੈਵਨਿਊ ਏਜੰਸੀ ਦੇ ਹੀ ਹਨ।ਯੂਨੀਅਨ ਦੀ ਮੰਗ ਤਨਖਾਹਾਂ ਵਿੱਚ ਵਾਧਾ ਕਰਨਾ ਹੈ ਕਿਉਂਕਿ ਮਹਿੰਗਾਈ ਦੇ ਇਸ ਦਰ ਵਿੱਚ ਤੇ ਮਹਿੰਗਾਈ ਦਰ ਵਿੱਚ ਹੋਏ ਵਾਧੇ ਕਾਰਨ ਕੈਨੇਡੀਅਨਜ਼ ਦਾ ਜੂਨ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ। ਸਰਕਾਰ ਵੱਲੋਂ ਹਰ ਸਾਲ, ਪੰਜ ਸਾਲ ਤੱਕ, ਤਨਖਾਹ ਵਿੱਚ ਔਸਤਨ 2 ਫੀ ਸਦੀ ਵਾਧੇ ਦੀ ਗੱਲ ਕੀਤੀ ਜਾ ਰਹੀ ਹੈ ਜਦਕਿ ਯੂਨੀਅਨ ਸਾਲਾਨਾ ਤਨਖਾਹਾਂ ਵਿੱਚ 4·5 ਫੀ ਸਦੀ ਦੇ ਵਾਧੇ ਦੀ ਮੰਗ ਕਰ ਰਹੀ ਹੈ।ਯੂਨੀਅਨ ਕਾਂਟਰੈਕਟ ਆਧਾਰਿਤ ਕੰਮ ਉੱਤੇ ਵੀ ਰੋਕ ਲਾਉਣਾ ਚਾਹੁੰਦੀ ਹੈ, ਨਸਲਵਾਦ ਖਿਲਾਫ ਟਰੇਨਿੰਗ ਜਿ਼ਆਦਾ ਕਰਵਾਏ ਜਾਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਤੇ ਰਿਮੋਟ ਕੰਮ ਕਰਨ ਦਾ ਪ੍ਰਬੰਧ ਕਰਨ ਦੇ ਮੁੱਦੇ ਵੀ ਏਜੰਡੇ ਉੱਤੇ ਹਨ।