ਮਸਤੂਆਣਾ ਸਾਹਿਬ, 5 ਨਵੰਬਰ
ਇਥੋਂ ਨੇੜਲੇ ਪਿੰਡ ਬਹਾਦਰਪੁਰ ਦੇ ਖੇਤਾਂ ਵਿਚ ਝੋਨੇ ਦੀ ਪਰਾਲੀ ਫੂਕਣ ਸਬੰਧੀ ਕਾਰਵਾਈ ਕਰਨ ਆਏ ਮਾਲ ਪਟਵਾਰੀਆਂ, ਨਾਇਬ ਤਹਿਸੀਲਦਾਰ, ਬੀ.ਡੀ.ਪੀ.ਓ. ਸਮੇਤ ਪੰਚਾਇਤ ਸੈਕਟਰੀਆਂ ਅਤੇ ਹੋਰ ਅਮਲੇ ਫੈਲੇ ਨੂੰ ਕਿਸਾਨਾਂ ਨੇ ‘ਬੰਧਕ’ ਬਣਾ ਲਿਆ। ਅੱਕੇ ਹੋਏ ਕਿਸਾਨਾਂ ਨੇ ਇਨ੍ਹਾਂ ਅਧਿਕਾਰੀਆਂ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਧਰਨੇ ਵਿਚ ਬਿਠਾਇਆ। ਧਰਨੇ ਦੌਰਾਨ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਰਕਾਰਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਦੇਰ ਸ਼ਾਮ ਸੰਗਰੂਰ ਦੇ ਐੱਸਡੀਐੱਮ ਬਬਨਦੀਪ ਸਿੰਘ ਵਾਲੀਆ ਵੱਲੋਂ ਧਰਨੇ ’ਚ ਪਹੁੰਚ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ਦੇ ਦਿੱਤੇ ਭਰੋਸੇ ਮਗਰੋਂ ਧਰਨੇ ਨੂੰ ਸਮਾਪਤ ਕੀਤਾ ਗਿਆ ਤੇ ਪਟਵਾਰੀਆਂ, ਨਾਇਬ ਤਹਿਸੀਲਦਾਰ, ਬੀਡੀਪੀਓ ਸਮੇਤ ਪੰਚਾਇਤ ਸੈਕਟਰੀਆਂ ਤੇ ਹੋਰ ਅਮਲੇ ਫੈਲੇ ਨੂੰ ਛੱਡ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਜਿਉਂ ਹੀ ਕਿਸਾਨਾਂ ਨੇ ਖੇਤਾਂ ਵਿੱਚ ਹਲਕੇ ਦੇ ਪਟਵਾਰੀ ਰਾਕੇਸ਼ ਕੁਮਾਰ ਨੂੰ ਘੁੰਮਦੇ ਦੇਖਿਆ ਤਾਂ ਫੌਰੀ ਕਿਸਾਨ ਆਗੂਆਂ ਨੂੰ ਇਤਲਾਹ ਦਿੱਤੀ ਗਈ। ਉਸ ਤੋਂ ਬਾਅਦ ਕਿਸਾਨਾਂ ਨੇ ਇਕੱਠੇ ਹੋ ਕੇ ਪਟਵਾਰੀ ਨੂੰ ਘੇਰ ਲਿਆ। ਜਿਉਂ ਹੀ ਪਟਵਾਰੀ ਨੂੰ ਛੁਡਾਉਣ ਲਈ ਬੀਡੀਪੀਓ ਸੰਗਰੂਰ ਲੈਨਿਨ ਗਰਗ ਸਮੇਤ 15 ਪੰਚਾਇਤ ਸੈਕਟਰੀ, ਨਾਇਬ ਤਹਿਸੀਲਦਾਰ ਕ੍ਰਿਸ਼ਨ ਕੁਮਾਰ, ਪਟਵਾਰੀ ਯੂਨੀਅਨ ਦੇ ਪ੍ਰਧਾਨ ਦੀਦਾਰ ਸਿੰਘ ਸਮੇਤ 21 ਮਾਲ ਪਟਵਾਰੀ ਆਏ ਤਾਂ ਉਨ੍ਹਾਂ ਨੂੰ ਵੀ ਕਿਸਾਨਾਂ ਨੇ ਘੇਰ ਕੇ ਖੇਤਾਂ ਵਿੱਚ ਹੀ ਦਿੱਤੇ ਜਾ ਰਹੇ ਧਰਨੇ ਵਿਚ ਬਿਠਾ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਕਿਸਾਨ ’ਤੇ ਜੁਰਮਾਨਾ ਜਾਂ ਪਰਚਾ ਦਰਜ ਨਹੀਂ ਹੋਣ ਦਿੱਤਾ ਜਾਵੇਗਾ ਤੇ ਪਹਿਲਾਂ ਦਰਜ ਕੀਤੇ ਪਰਚੇ ਤੇ ਜੁਰਮਾਨੇ ਰੱਦ ਕਰਨ ਤੋਂ ਬਾਅਦ ਹੀ ਘਿਰਾਓ ਖਤਮ ਕੀਤਾ ਜਾਵੇਗਾ। ਧਰਨੇ ਦੌਰਾਨ ਬੀਕੇਯੂ ਡਕੌਂਦਾ ਦੇ ਆਗੂ ਜੱਗਾ ਸਿੰਘ, ਬੀਕੇਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਚਮਕੌਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪਿੰਡਾਂ ਦੀਆਂ ਔਰਤਾਂ ਸਮੇਤ ਕਿਸਾਨ ਆਗੂ ਤੇ ਵਰਕਰ ਸ਼ਾਮਲ ਹੋਏ। ਧਰਨੇ ਨੂੰ ਜਥੇਦਾਰ ਜਗਮੇਲ ਸਿੰਘ ਉਭਾਵਾਲ, ਪ੍ਰਧਾਨ ਚਮਕੌਰ ਸਿੰਘ, ਖ਼ਜ਼ਾਨਚੀ ਕਮਲਜੀਤ ਸਿੰਘ, ਸਤਨਾਮ ਸਿੰਘ, ਗੁਰਲਵਲੀਨ ਸਿੰਘ, ਜਗਦੀਸ਼ ਸਿੰਘ, ਮਨਦੀਪ ਸਿੰਘ ਲਿੱਦੜਾਂ, ਬਿੱਕਰ ਸਿੰਘ ਬਹਾਦਰਪੁਰ, ਹਰਪਾਲ ਸਿੰਘ ਖਹਿਰਾ, ਵਰਿੰਦਰਪਾਲ ਸਿੰਘ, ਲਖਵਿੰਦਰ ਸਿੰਘ ਉੱਭਾਵਾਲ, ਕਰਮਦੀਪ ਸਿੰਘ ਦੁੱਗਾਂ ਨੇ ਵੀ ਸੰਬੋਧਨ ਕੀਤਾ।