੍ਹ        ਉਪ-ਚੇਅਰਮੈਨ/ਚੇਅਰਪਰਸਨ ਵਜੋਂ ਭੱਠਲ ਤੇ ਗੁਪਤਾ ਦੀ ਮਿਆਦ 2021 ਤੱਕ

ਚੰਡੀਗੜ੍ਹ, 25 ਮਈ:

ਉੱਘੇ ਉਦਯੋਗਪਤੀ ਅੰਮ੍ਰਿਤ ਸਾਗਰ ਮਿੱਤਲ ਨੂੰ ਪੰਜਾਬ ਰਾਜ ਯੋਜਨਾ ਬੋਰਡ ਵਿੱਚ ਉਪ-ਚੇਅਰਮੈਨ ਨਿਯੁਕਤ ਕੀਤੇ ਜਾਣ ਨਾਲ ਬੋਰਡ ਵਿੱਚ ਉਪ-ਚੇਅਰਮੈਨਾਂ ਦੀ ਗਿਣਤੀ ਤਿੰਨ ਹੋ ਗਈ ਹੈ ਜਿਨ੍ਹਾਂ ਵਿੱਚ ਉੱਘੇ ਉਦਯੋਗਪਤੀ ਰਜਿੰਦਰ ਗੁਪਤਾ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਪਹਿਲਾਂ ਹੀ ਕੈਬਨਿਟ ਮੰਤਰੀ ਦੇ ਰੁਤਬੇ ਵਿੱਚ ਉਪ-ਚੇਅਰਮੈਨ/ਉਪ-ਚੇਅਰਪਰਸਨ ਵਜੋਂ ਸੇਵਾ ਨਿਭਾ ਰਹੇ ਹਨ।  ਅੰਮ੍ਰਿਤ ਸਾਗਰ ਮਿੱਤਲ ਨੂੰ ਵੀ ਕੈਬਨਿਟ ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ।

       ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਯੋਜਨਾ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਟ੍ਰਾਇਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਦੀ ਮਿਆਦ 27 ਮਾਰਚ, 2021 ਅਤੇ ਰਜਿੰਦਰ ਕੌਰ ਭੱਠਲ ਦੀ ਮਿਆਦ 3 ਜੁਲਾਈ, 2021 ਤੱਕ ਹੈ। ਦੋਵੇਂ ਸੂਬਾਈ ਯੋਜਨਾ ਬੋਰਡ ਤੋਂ ਤਨਖਾਹ ਨਹੀਂ ਲੈ ਰਹੇ ਹਨ। ਅੰਮ੍ਰਿਤ ਸਾਗਰ ਮਿੱਤਲ ਦੀ ਨਿਯੁਕਤੀ ਸਬੰਧੀ ਸ਼ਰਤਾਂ ਨੂੰ ਛੇਤੀ ਹੀ ਅੰਤਮ ਰੂਪ ਦਿੱਤਾ ਜਾਵੇਗਾ। ਉਹ ਸੋਨਾਲੀਕਾ ਇੰਟਰਨੈਸ਼ਨਲ ਟ੍ਰੈਕਟਰਜ਼ ਲਿਮਿਟਡ ਦੇ ਵੀ ਉਪ-ਚੇਅਰਮੈਨ ਹਨ।

       ਸੂਬਾ ਯੋਜਨਾ ਬੋਰਡ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਉੱਘੇ ਵਿਅਕਤੀਆਂ ਨੂੰ ਸ਼ਾਮਲ ਕਰਕੇ ਸੂਬੇ ਦੀ ਵਿਕਾਸ ਪ੍ਰਕਿਰਿਆ ਲਈ ਰਣਨੀਤਕ ਨੀਤੀ ਲਈ ਗਿਆਨ ਮੁਹੱਈਆ ਕਰਾਉਣ ਤੋਂ ਇਲਾਵਾ ਸੂਬੇ ਦੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਲੰਮੀ ਮਿਆਦ ‘ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ।

       ਗੌਰਤਲਬ ਹੈ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਯੋਜਨਾ ਵਿਭਾਗ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦਾ ਨਾਮਕਰਨ ਹੁਣ ਆਰਥਿਕ ਨੀਤੀ ਤੇ ਯੋਜਨਾਬੰਦੀ ਵਿਭਾਗ ਅਤੇ ਪੰਜਾਬ ਰਾਜ ਯੋਜਨਾ ਬੋਰਡ ਦਾ ਆਰਥਿਕ ਨੀਤੀ ਤੇ ਯੋਜਨਾਬੰਦੀ ਬੋਰਡ ਵਜੋਂ ਕੀਤਾ ਗਿਆ ਹੈ। ਇਸ ਦੇ ਨਤੀਜੇ ਵਜੋਂ ਯੋਜਨਾਬੰਦੀ ਬੋਰਡ ਦਾ ਖੇਤਰ ਵਿਸ਼ਾਲ ਹੋ ਗਿਆ ਹੈ ਅਤੇ ਇਹ ਹੁਣ ਨੀਤੀ ਅਤੇ ਆਰਥਿਕ ਵਿਕਾਸ ‘ਤੇ ਧਿਆਨ ਕੇਂਦਰਿਤ ਕਰੇਗਾ। ਵਿਭਾਗ ਦੇ ਕੰਮ ਨੂੰ ਉਦਯੋਗ, ਅਕਾਦਮਿਕ, ਪਬਲਿਕ ਸਰਵਿਸ ਜਾਂ ਸੋਸ਼ਲ ਸੈਕਟਰ ਦੇ ਖੇਤਰਾਂ ਦੇ ਮਾਹਿਰ ਜੋ ਸਲਾਹਕਾਰਾਂ ਵਜੋਂ ਮਨੋਨੀਤ ਕੀਤੇ ਜਾਣਗੇ, ਦੇਖਣਗੇ।