ਅੰਮ੍ਰਿਤਸਰ, 24 ਅਕਤੂਬਰ

328 ਪਾਵਨ ਸਰੂਪਾਂ ਦੇ ਮਾਮਲੇ ਵਿਚ ਧਰਨਾ ਦੇ ਰਹੀਆਂ ਸਿੱਖ ਜਥੇਬੰਦੀਆਂ ਦੇ ਕੁਝ ਕਾਰਕੁਨਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਗੇਟ ਨੂੰ ਤਾਲਾ ਲਾਉਣ ਤੋਂ ਬਾਅਦ ਪੈਦਾ ਹੋਈ ਹਿੰਸਕ ਸਥਿਤੀ ਵਿਚ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਦੇ ਕਈ ਵਿਅਕਤੀ ਜ਼ਖਮੀ ਹੋਏ ਹਨ।

ਜਾਣਕਾਰੀ ਅਨੁਸਾਰ ਧਰਨਾ ਦੇ ਰਹੀਆਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਵਿਚੋਂ ਸੁਖਜੀਤ ਸਿੰਘ ਖੋਸਾ ਤੇ ਉਸ ਦੇ ਕੁਝ ਸਾਥੀਆਂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਗੇਟ ਨੂੰ ਤਾਲਾ ਲਾ ਦਿੱਤਾ ਅਤੇ ਦੂਜੇ ਛੋਟੇ ਗੇਟ ਦੇ ਸਾਹਮਣੇ ਖੁਦ ਧਰਨਾ ਲਾ ਕੇ ਬੈਠ ਗਏ। ਦੁਪਹਿਰ ਵੇਲੇ ਜਦੋਂ ਰੋਟੀ ਦੇ ਸਮੇਂ ਕਰਮਚਾਰੀ ਦਫਤਰ ਤੋਂ ਬਾਹਰ ਜਾ ਰਹੇ ਸਨ ਤਾਂ ਉਨ੍ਹਾਂ ਵਿਚਾਲੇ ਝੜਕ ਹੋ ਗਈ, ਜਿਸ ਨੇ ਹਿੰਸਕ ਰੂਪ ਧਾਰ ਲਿਆ। ਇਸ ਦੌਰਾਨ ਕਿਰਪਾਨਾਂ ਤੇ ਡਾਂਗਾਂ ਵੀ ਚਲੀਆਂ ਅਤੇ ਕਈਆਂ ਦੀਆਂ ਦਸਤਾਰਾਂ ਲੱਥੀਆਂ। ਇਸ ਦੌਰਾਨ ਧਰਨਾਕਾਰੀਆਂ ਵਿਚ ਸ਼ਾਮਲ ਇਕ ਔਰਤ ਦੀ ਵੀ ਮਾਰਕੁੱਟ ਕੀਤੀ ਗਈ। ਇਸੇ ਤਰ੍ਹਾਂ ਕਈ ਮੀਡੀਆ ਕਰਮੀਆਂ ਦੀ ਵੀ ਮਾਰਕੁਟ ਕੀਤੀ ਗਈ। ਸ਼੍ਰੋਮਣੀ ਕਮੇਟੀ ਨੇ ਧਰਨੇ ਵਾਲੀ ਥਾਂ ਖਾਲੀ ਕਰਵਾ ਲਈ ਹੈ। ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਹਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਿਜੈ ਸਿੰਘ ਅਤੇ ਇਕ ਹੋਰ ਕਰਮਚਾਰੀ ਸਰਬਜੀਤ ਸਿੰਘ ਜ਼ਖ਼ਮੀ ਹੋਏ ਹਨ। ਇਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਹੈ। ਇਸ ਤੋਂ ਇਲਾਵਾ ਕੁਝ ਹੋਰ ਕਰਮਚਾਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਤੋਂ ਪੰਜ ਸਿੰਘ ਸਾਹਿਬਾਨਾਂ ਦੀ ਹੰਗਾਮੀ ਮੀਟਿੰਗ ਸੱਦਣ ਅਤੇ ਮਰਿਆਦਾ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਧਰਨਾਕਾਰੀਆਂ ਵਿਚ ਸ਼ਾਮਲ ਸਿੱਖ ਕਾਰਕੁਨਾਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਹੋਰਨਾਂ ਵਲੋਂ ਚਿੱਟੇ ਦਿਨ ਡਾਂਗਾਂ ਤੇ ਕਿਰਪਾਨਾਂ ਨਾਲ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਦੇ ਕਈ ਸਾਥੀ ਜ਼ਖਮੀ ਹੋਏ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੁਝ ਸਾਥੀਆਂ ਸੁਖਜੀਤ ਸਿੰਘ ਖੋਸਾ, ਬਲਬੀਰ ਸਿੰਘ ਮੁੱਛਲ, ਦਿਲਬਾਗ ਸਿੰਘ, ਪਰਮਜੀਤ ਸਿੰਘ ਅਕਾਲੀ, ਮਨਜੀਤ ਸਿੰਘ ਝਬਾਲ, ਲਖਬੀਰ ਸਿੰਘ ਆਦਿ ਸਮੇਤ ਹੋਰਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਮਾਰਕੁੱਟ ਕਰਦੇ ਹੋਏ ਦਫਤਰ ਕੰਪਲੈਕਸ ਦੇ ਅੰਦਰ ਲੈ ਗਏ ਹਨ। ਉਨ੍ਹਾਂ ਬਾਰੇ ਉਨ੍ਹਾਂ ਕੋਲ ਹੁਣ ਤਕ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਵਲੋਂ ਗੇਟ ਦੇ ਬਾਹਰ ਆਪਣੇ ਸਾਥੀਆਂ ਨੂੰ ਵਾਪਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਧਰਨਾਕਾਰੀ ਪਿਛਲੇ ਲਗਪਗ 40 ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦਫਤਰ ਸਾਹਮਣੇ ਧਰਨਾ ਦੇ ਕੇ ਬੈਠੇ ਹੋਏ ਹਨ। ਇਨ੍ਹਾਂ ਦੀ ਮੰਗ ਹੈ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋਸ਼ੀਆਂ ਖਿਲਾਫ ਪੁਲੀਸ ਕਾਰਵਾਈ ਕੀਤੀ ਜਾਵੇ ਅਤੇ ਲਾਪਤਾ ਸਰੂਪਾਂ ਬਾਰੇ ਦਸਿਆ ਜਾਵੇ। ਸਿੱਖ ਕਾਰਕੁਨਾਂ ਨੇ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੇ ਦਫਤਰ ਕੰਪਲੈਕਸ ਦੇ ਗੇਟ ਨੂੰ ਤਾਲਾ ਲਾ ਦਿੱਤਾ ਸੀ। ਜੋ ਦੋ ਤਿੰਨ ਦਿੱਨਾਂ ਬਾਅਦ ਖੋਲ੍ਹਿਆ ਗਿਆ ਸੀ। ਘਟਨਾ ਦਾ ਪੱਤਾ ਚੱਲਣ ’ਤੇ ਪੁਲੀਸ ਦੇ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ ਤੇ ਹੋਰ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ। ਸ਼੍ਰੋਮਣੀ ਕਮੇਟੀ ਨੇ ਹਮਲਾ ਕਰਨ ਵਾਲਿਆਂ ਖਿਲਾਫ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਦੂਜੇ ਪਾਸੇ ਮੀਡੀਆ ਕਰਮਚਾਰੀਆਂ ਨੇ ਵੀ ਪੁਲੀਸ ਨੂੰ ਸ਼੍ਰੋਮਣੀ ਕਮੇਟੀ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ।