ਅੰਮ੍ਰਿਤਸਰ: ਏਅਰ ਇੰਡੀਆ ਨੇ ਸੋਮਵਾਰ ਤੋਂ ਸ਼੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ‘ਈਜ਼ੀ ਕਨੈਕਟ’ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਪਹਿਲ ਨਾਲ ਪੰਜਾਬ ਦੇ ਯਾਤਰੀਆਂ ਨੂੰ ਦਿੱਲੀ ਰਾਹੀਂ ਦੁਨੀਆ ਦੇ 27 ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਹੋਰ ਆਸਾਨ ਤੇ ਸੁਵਿਧਾਜਨਕ ਕਨੈਕਟੀਵਿਟੀ ਮਿਲੇਗੀ। ਇਹ ਸੇਵਾ, ਕੇਂਦਰ ਸਰਕਾਰ ਦੇ ਹੱਬ-ਐਂਡ-ਸਪੋਕ ਮਾਡਲ ਦਾ ਹਿੱਸਾ ਹੈ, ਜਿਸ ਦਾ ਮਕਸਦ ਭਾਰਤ ਦੇ ਵੱਡੇ ਹਵਾਈ ਅੱਡਿਆਂ ਨੂੰ ਗਲੋਬਲ ਟ੍ਰਾਂਜ਼ਿਟ ਹੱਬ ਵਜੋਂ ਵਿਕਸਤ ਕਰਨਾ ਹੈ।

ਪ੍ਰੋਗਰਾਮ ਵਿਚ ਕੇਂਦਰੀ ਨਾਗਰਿਕ ਉਡਾਣ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਵਿਅਕਤੀਗਤ ਤੌਰ ‘ਤੇ ਸ਼ਾਮਿਲ ਨਹੀਂ ਹੋ ਸਕੇ। ਉਨ੍ਹਾਂ ਨੇ ਵੀਡੀਓ ਸੰਦੇਸ਼ ਰਾਹੀਂ ਸੇਵਾ ਦੀ ਸ਼ੁਰੂਆਤ ‘ਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਵਿਚ ਹੱਬ-ਐਂਡ-ਸਪੋਕ ਮਾਡਲ ਦਾ ਵਿਸਥਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਵਿਸ਼ਵ-ਪੱਧਰੀ ਹਵਾਈ ਸੰਪਰਕ ਮੁਹੱਈਆ ਕਰਵਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਇਸ ਨਾਲ ਪੰਜਾਬ ਦਾ ਵਿਸ਼ਵਵਿਆਪੀ ਸੰਪਰਕ ਮਜ਼ਬੂਤ ਹੋਵੇਗਾ ਅਤੇ ਸੈਰ-ਸਪਾਟਾ, ਵਪਾਰ ਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹ ਮਿਲੇਗਾ।
ਰੋਜ਼ਾਨਾ ਦੋ ਉਡਾਣਾਂ ਹੋਣਗੀਆਂ ਸੰਚਾਲਿਤ

ਏਅਰ ਇੰਡੀਆ ਅੰਮ੍ਰਿਤਸਰ ਤੋਂ ਦਿੱਲੀ ਲਈ ਹਰ ਰੋਜ਼ ਦੋ ‘ਈਜ਼ੀ ਕਨੈਕਟ’ ਉਡਾਣਾਂ ਚਲਾਏਗੀ।
AI 1113: ਅੰਮ੍ਰਿਤਸਰ ਤੋਂ ਸਵੇਰੇ 9:10 ਵਜੇ ਰਵਾਨਾ ਹੋ ਕੇ 10:40 ਵਜੇ ਦਿੱਲੀ ਪਹੁੰਚੇਗੀ।
AI 1115: ਅੰਮ੍ਰਿਤਸਰ ਤੋਂ ਰਾਤ 10:00 ਵਜੇ ਰਵਾਨਾ ਹੋ ਕੇ 11:20 ਵਜੇ ਦਿੱਲੀ ਪਹੁੰਚੇਗੀ।
ਏਅਰ ਇੰਡੀਆ ਦੇ ਗਵਰਨੈਂਸ, ਰਿਸਕ, ਕੰਪਲਾਇੰਸ ਅਤੇ ਕਾਰਪੋਰੇਟ ਅਫੇਅਰਜ਼ ਦੇ ਗਰੁੱਪ ਹੈੱਡ ਪੀ. ਬਾਲਾਜੀ ਨੇ ਕਿਹਾ ਕਿ ਪੰਜਾਬ ਦੇ ਵੱਡੀ ਗਿਣਤੀ ਵਿਚ ਲੋਕ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿਚ ਰਹਿੰਦੇ ਹਨ। ਨਵੀਂ ਵਿਵਸਥਾ ਨਾਲ ਯਾਤਰੀਆਂ ਨੂੰ ਵਿਦੇਸ਼ੀ ਹਵਾਈ ਅੱਡਿਆਂ ‘ਤੇ ਵਾਰ-ਵਾਰ ਔਪਚਾਰਿਕਤਾਵਾਂ ਪੂਰੀਆਂ ਕਰਨ ਅਤੇ ਲੰਮੀ ਟ੍ਰਾਂਜ਼ਿਟ ਪ੍ਰਕਿਰਿਆ ਤੋਂ ਰਾਹਤ ਮਿਲੇਗੀ।

‘ਈਜ਼ੀ ਕਨੈਕਟ’ ਸੇਵਾ ਤਹਿਤ ਅੰਤਰਰਾਸ਼ਟਰੀ ਯਾਤਰੀ ਆਪਣੇ ਆਖਰੀ ਮੰਜ਼ਿਲ ਤੱਕ ਦਾ ਚੈਕ-ਇਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਕਰਵਾ ਸਕਣਗੇ। ਇਸ ਦੇ ਨਾਲ ਹੀ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਵੀ ਅੰਮ੍ਰਿਤਸਰ ‘ਚ ਹੀ ਪੂਰੀ ਹੋਵੇਗੀ।

ਇਸ ਨਾਲ ਦਿੱਲੀ ‘ਚ ਯਾਤਰੀਆਂ ਨੂੰ ਨਾ ਤਾਂ ਆਪਣਾ ਸਮਾਨ ਮੁੜ ਚੈਕ-ਇਨ ਕਰਵਾਉਣਾ ਪਵੇਗਾ ਤੇ ਨਾ ਹੀ ਟਰਮੀਨਲ ਬਦਲਣ ਦੀ ਲੋੜ ਹੋਵੇਗੀ। ਉਹ ਸਿੱਧੇ ਅੰਤਰਰਾਸ਼ਟਰੀ ਟ੍ਰਾਂਜ਼ਿਟ ਯਾਤਰੀ ਵਜੋਂ ਆਪਣੀ ਅਗਲੀ ਉਡਾਣ ਫੜ ਸਕਣਗੇ।

ਸਵੇਰ ਦੀ ਉਡਾਣ ਰਾਹੀਂ ਯਾਤਰੀ ਲੰਡਨ ਹੀਥਰੋ, ਬਰਮਿੰਘਮ, ਪੈਰਿਸ, ਮਿਲਾਨ, ਕੋਪਨਹੇਗਨ, ਵੀਅਨਾ, ਐਮਸਟਰਡਮ, ਜ਼ਿਊਰਿਖ, ਫਰੈਂਕਫਰਟ ਤੇ ਰੋਮ ਵਰਗੇ ਯੂਰਪੀ ਸ਼ਹਿਰਾਂ ਨਾਲ ਜੁੜ ਸਕਣਗੇ। ਜਦਕਿ ਦੇ ਸ਼ਾਮ ਦੀਆਂ ਉਡਾਣਾਂ ਰਾਹੀਂ ਨਿਊਯਾਰਕ, ਨੇਵਾਰਕ, ਸੈਨ ਫਰਾਂਸਿਸਕੋ, ਸ਼ਿਕਾਗੋ, ਟੋਰਾਂਟੋ, ਵੈਨਕੂਵਰ, ਮੈਲਬੋਰਨ, ਸਿਡਨੀ, ਸਿੰਗਾਪੁਰ, ਫੁਕੇਟ, ਬਾਲੀ ਤੇ ਦੁਬਈ ਸਮੇਤ ਕਈ ਮਹੱਤਵਪੂਰਨ ਸ਼ਹਿਰਾਂ ਤੱਕ ਆਸਾਨ ਕਨੈਕਟੀਵਿਟੀ ਮਿਲੇਗੀ।