ਅੰਮ੍ਰਿਤਸਰ : ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ ਦੇ ਸੰਚਾਲਨ ‘ਚ ਲਗਾਤਾਰ ਪੰਜਵੇਂ ਦਿਨ ਵੀ ਸੁਧਾਰ ਦੇ ਕੋਈ ਸੰਕੇਤ ਨਹੀਂ ਦਿਖਾਈ ਦਿੱਤੇ। ਇੰਡੀਗੋ ਨੇ ਅੱਜ ਦੇਸ਼ ਦੇ ਚਾਰ ਪ੍ਰਮੁੱਖ ਹਵਾਈ ਅੱਡਿਆਂ ਸਮੇਤ ਕਈ ਸ਼ਹਿਰਾਂ ਤੋਂ 400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ। ਇੰਡੀਗੋ ‘ਤੇ ਚੱਲ ਰਿਹਾ ਸੰਕਟ ਪੰਜਾਬ ਦੇ ਕਈ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਚੰਡੀਗੜ੍ਹ ਅਤੇ ਅੰਮ੍ਰਿਤਸਰ ਲਈ ਕਈ ਉਡਾਣਾਂ ਅਜੇ ਵੀ ਦੇਰੀ ਨਾਲ ਚੱਲ ਰਹੀਆਂ ਹਨ। ਕਈ ਯਾਤਰੀ ਆਪਣੇ ਬੱਚਿਆਂ ਨਾਲ ਚਾਰ ਦਿਨਾਂ ਤੋਂ ਹਵਾਈ ਅੱਡੇ ‘ਤੇ ਫਸੇ ਹੋਏ ਹਨ।

ਉਡਾਣਾਂ ‘ਚ ਦੇਰੀ ਨੂੰ ਲੈ ਕੇ ਅਦਾਕਾਰ ਸੋਨੂੰ ਸੂਦ ਨੇ ਵੀ ਇੱਕ ਵੀਡੀਓ ਜਾਰੀ ਕੀਤੀ। ਉਨ੍ਹਾਂ ਕਿਹਾ, “ਮੇਰਾ ਆਪਣਾ ਪਰਿਵਾਰ ਚਾਰ ਘੰਟਿਆਂ ਲਈ ਇਸ ਮੁਸੀਬਤ ਵਿੱਚ ਫਸਿਆ ਰਿਹਾ। ਪਰ ਅਸੀਂ ਇਸ ਸਭ ਲਈ ਗਰਾਊਂਡ ਸਟਾਫ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਉਨ੍ਹਾਂ ਕਿਹਾ ਕਿ ਇਹ ਸਮਾਂ ਮੁਸ਼ਕਲ ਜਰੂਰ ਹੈ, ਪਰ ਲੋਕਾਂ ਨੂੰ ਉਨ੍ਹਾਂ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ। ” ਦੱਸ ਦਈਏ ਕਿ ਜਲੰਧਰ ਦੇ ਆਦਮਪੁਰ ਹਵਾਈ ਅੱਡੇ ‘ਤੇ ਇੰਡੀਗੋ ਦੀਆਂ ਉਡਾਣਾਂ ਵੀ ਰੱਦ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਸ਼ਹਿਰ ਤੋਂ ਦਿੱਲੀ ਹਵਾਈ ਅੱਡੇ ਦੀ ਯਾਤਰਾ ਕਰਨ ਵਾਲਿਆਂ ਲਈ ਟੈਕਸੀ ਬੁਕਿੰਗ ਵਧ ਗਈ ਹੈ।

ਪਿਛਲੇ ਚਾਰ ਦਿਨਾਂ ਵਿੱਚ ਰੱਦ ਕੀਤੀਆਂ ਗਈਆਂ ਉਡਾਣਾਂ ਦੀ ਗਿਣਤੀ 2,000 ਤੋਂ ਵੱਧ ਹੋ ਗਈ ਹੈ। ਰੋਜ਼ਾਨਾ ਔਸਤਨ 500 ਉਡਾਣਾਂ ਵਿੱਚ ਦੇਰੀ ਹੋ ਰਹੀ ਹੈ। ਇੰਡੀਗੋ ਦਾ ਕਹਿਣਾ ਹੈ ਕਿ ਉਡਾਣ ਸੰਚਾਲਨ ਨੂੰ ਆਮ ਵਾਂਗ ਹੋਣ ਵਿੱਚ 15 ਦਸੰਬਰ ਤੱਕ ਦਾ ਸਮਾਂ ਲੱਗੇਗਾ। ਹਵਾਈ ਅੱਡੇ ‘ਤੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਇੰਡੀਗੋ ਦੇ ਯਾਤਰੀਆਂ ਨੂੰ ਉਡਾਣ ਵਿੱਚ ਵਿਘਨ ਅਤੇ ਰੱਦ ਕਰਨ ਦਾ ਸਾਹਮਣਾ ਕਰਨਾ ਪਿਆ।

ਇਸ ਵਿਚਾਲੇ ਹੀ ਜਾਣਕਾਰੀ ਮਿਲੀ ਹੈ ਕਿ ਸਪਾਈਸਜੈੱਟ ਨੇ 6 ਦਸੰਬਰ ਲਈ ਮੁੰਬਈ ਤੋਂ ਉਡਾਣਾਂ ਦੀ ਗਿਣਤੀ ਵਧਾਉਣ ਦਾ ਐਲਾਨ ਕੀਤਾ ਹੈ। ਸਪਾਈਸਜੈੱਟ ਨੇ ਰਾਜ ਭਰ ਵਿੱਚ ਕਈ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾਂ ‘ਤੇ ਹੋਰ ਉਡਾਣਾਂ ਸ਼ੁਰੂ ਕੀਤੀਆਂ ਹਨ।ਸ਼ਨੀਵਾਰ ਨੂੰ X ‘ਤੇ ਇੱਕ ਅਪਡੇਟ ਸਾਂਝਾ ਕਰਦੇ ਹੋਏ, ਏਅਰਲਾਈਨ ਨੇ ਲਿਖਿਆ, “ਅਸੀਂ ਯਾਤਰੀਆਂ ਦੀ ਸਹੂਲਤ ਲਈ 6 ਦਸੰਬਰ ਲਈ ਮੁੰਬਈ ਤੋਂ ਹੋਰ ਉਡਾਣਾਂ ਜੋੜੀਆਂ ਹਨ।”