ਚੰਡੀਗੜ੍ਹ : ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਇੱਕ ਐਨਆਰਆਈ ਔਰਤ ਦੇ ਕਤਲ ਮਾਮਲੇ ਦੇ ਦੋਸ਼ ‘ਚ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਸਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਤੋਂ ਗ੍ਰਿਫਤਾਰ ਕੀਤਾ ਅਤੇ ਅੰਮ੍ਰਿਤਸਰ ਲਿਆਂਦਾ। ਕੁਝ ਦਿਨ ਪਹਿਲਾਂ ਪਤੀ ਆਪਣੀ ਪਤਨੀ ਨੂੰ ਘੁਮਾਉਣ ਦਾ ਵਾਅਦਾ ਕਰਕੇ ਹੋਟਲ ਲੈ ਗਿਆ ਸੀ ਅਤੇ ਫਿਰ ਉਸ ਦਾ ਕਤਲ ਕਰ ਕੇ ਫਰਾਰ ਹੋ ਗਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਦੇ ਸਰੀਰ ਦੇ ਕਈ ਹਿੱਸਿਆਂ ਤੇ ਕਿਸੇ ਨੁਕੀਲੀ ਚੀਜ ਨਾਲ ਵਾਰ ਕੀਤੇ ਗਏ ਸਨ। ਪੁਲਿਸ ਨੇ ਹੁਣ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ।

ਇਹ ਘਟਨਾ ਬੀਤੇ ਦਿਨੀਂ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਕਮਰੇ ਵਿੱਚ ਵਾਪਰੀ, ਜਿੱਥੇ ਔਰਤ ਦੀ ਲਾਸ਼ ਮਿਲੀ। ਮ੍ਰਿਤਕ ਔਰਤ ਮੂਲ ਰੂਪ ਵਿੱਚ ਗੁਰਦਾਸਪੁਰ ਨਾਲ ਸੰਬੰਧਿਤ ਸੀ ਅਤੇ ਆਸਟਰੀਆ ਵਿੱਚ ਰਹਿੰਦੀ ਸੀ। ਉਹ ਆਪਣੇ ਪਤੀ ਨਾਲ ਇੱਕ ਪਰਿਵਾਰਕ ਸਮਾਗਮ ‘ਚ ਸ਼ਾਮਿਲ ਹੋਣ ਲਈ ਲਈ ਭਾਰਤ ਆਈ ਸੀ। ਜਦੋਂ ਉਸਦਾ ਪਤੀ ਕਾਫ਼ੀ ਦੇਰ ਤੱਕ ਕਮਰੇ ਵਿੱਚ ਵਾਪਸ ਨਹੀਂ ਆਇਆ ਤਾਂ ਹੋਟਲ ਸਟਾਫ ਨੂੰ ਸ਼ੱਕ ਹੋਇਆ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਅਤੇ ਕੋਈ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦਰਵਾਜ਼ਾ ਤੋੜਿਆ ਅਤੇ ਔਰਤ ਦੀ ਲਾਸ਼ ਬੈੱਡ ਦੇ ਹੇਠਾਂ ਪਈ ਮਿਲੀ ਸੀ।

ਪ੍ਰਭਜੋਤ ਕੌਰ ਦਾ ਵਿਆਹ ਸੱਤ ਸਾਲ ਪਹਿਲਾਂ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੇ ਮਨਦੀਪ ਸਿੰਘ ਢਿੱਲੋਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ, ਪ੍ਰਭਜੋਤ ਆਪਣੇ ਪਤੀ ਨਾਲ ਆਸਟਰੀਆ ਚਲੀ ਗਈ। ਪਰਿਵਾਰ ਵਾਲਿਆਂ ਅਨੁਸਾਰ ਉਦੋਂ ਤੋਂ ਉਨ੍ਹਾਂ ਦਾ ਰਿਸ਼ਤਾ ਵਧੀਆ ਚੱਲ ਰਿਹਾ ਸੀ। ਲਵਪ੍ਰੀਤ ਸਿੰਘ ਆਪਣੀ ਪਤਨੀ ਨਾਲ ਸਿਰਫ਼ 8 ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਇਆ ਸੀ। ਮ੍ਰਿਤਕਾਂ ਦੇ ਪਿਤਾ ਅਨੁਸਾਰ, ਉਸਦੀ ਧੀ ਦਾ ਵਿਆਹ ਵਧੀਆ ਪਰਿਵਾਰ ਵਿੱਚ ਹੋਇਆ ਸੀ। ਦੋਵਾਂ ਵਿਚਕਾਰ ਕੋਈ ਝਗੜਾ ਵਿਵਾਦ ਨਹੀਂ ਸੀ। ਉਨ੍ਹਾਂ ਦੇ ਘਰ ਲਗਭਗ ਛੇ ਮਹੀਨੇ ਪਹਿਲਾਂ ਹੀ ਇੱਕ ਪੁੱਤਰ ਦਾ ਜਨਮ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਸਮਝ ਨਹੀਂ ਆ ਰਿਹਾ ਕਿ ਉਸਦੇ ਪਤੀ ਨੇ ਅਜਿਹਾ ਕਿਉਂ ਕੀਤਾ।