ਅੰਮ੍ਰਿਤਸਰ, 15 ਮਾਰਚ

ਇਥੋਂ ਦੇ ਇਤਿਹਾਸਕ ਖਾਲਸਾ ਕਾਲਜ ਦੇ ਵਿਹੜੇ ਵਿੱਚ ਅੱਜ ਜੀ-20 ਸੰਮੇਲਨ ਸ਼ੁਰੂ ਹੋ ਗਿਆ, ਜਿਸ ਵਿਚ 28 ਮੁਲਕਾਂ ਦੇ ਪ੍ਰਤੀਨਿਧ ਸ਼ਾਮਲ ਹੋਏ ਹਨ। ਵਿਦਿਅਕ ਮਾਮਲਿਆਂ ਤੇ ਵਿਦਿਅਕ ਖੋਜਾਂ ’ਤੇ ਆਧਾਰਤ ਵਿਸ਼ੇ ਉਪਰ ਸੈਮੀਨਾਰ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਖਾਲਸਾ ਕਾਲਜ ਦੇ ਹਾਲ ਵਿਚ ਚੱਲ ਰਹੇ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਪੁੱਜੇ ਵਿਦੇਸ਼ੀ ਨੁਮਾਇੰਦਿਆਂ ਨੂੰ ਹਾਲ ਵਿੱਚ ਲਿਆਉਣ ਹੋਣ ਤੋਂ ਪਹਿਲਾਂ ਪੰਜਾਬੀ ਰਵਾਇਤੀ ਢੰਗ ਨਾਲ ਜੀ ਆਇਆਂ ਆਖਿਆ ਗਿਆ। ਸੈਮੀਨਾਰ ਦੇ ਉਦਘਾਟਨੀ ਸੈਸ਼ਨ ਤੋਂ ਇਲਾਵਾ ਦੋ ਵਿਸ਼ੇਸ਼ ਸੈਸ਼ਨ ਵੀ ਹੋਣਗੇ।
ਇਸ ਦੌਰਾਨ ਖਾਲਸਾ ਕਾਲਜ ਦੇ ਮੈਦਾਨ ਵਿਚ ਬਣਾਏ ਪੰਡਾਲ ਵਿੱਚ ਪ੍ਰਦਰਸ਼ਨੀ ਲਗਾਈ ਗਈ ਹੈ। ਸੈਮੀਨਾਰ ਵਿੱਚ ਸਿਰਫ ਡੈਲੀਗੇਟ, ਅੰਤਰਰਾਸ਼ਟਰੀ ਸੰਸਥਾਵਾਂ ਅਤੇ ਕੁਝ ਭਾਰਤੀ ਉੱਚ ਵਿੱਦਿਅਕ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੌਰਾਨ ਇਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਖਾਲਸਾ ਕਾਲਜ ਦੇ ਵਿਹੜੇ ਨੂੰ ਸੁੰਦਰ ਦਿੱਖ ਦਿੱਤੀ ਗਈ ਹੈ ਤੇ ਪੰਜਾਬੀ ਸੱਭਿਆਚਾਰ ਦਾ ਪ੍ਰਦਰਸ਼ਨ ਵੀ ਕੀਤਾ ਗਿਆ।