ਨਵੀਂ ਦਿੱਲੀ, 20 ਮਾਰਚ
ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਐੱਸਐੱਫ ਅਤੇ ਸਸ਼ਤਰ ਸੀਮਾ ਬਲ ਦੇ ਡਾਇਰੈਕਟਰ ਜਨਰਲਾਂ (ਡੀਜੀ) ਨੂੰ ਨਿਰਦੇਸ਼ ਭੇਜੇ ਹਨ ਕਿ ਉਹ ਸਰਹੱਦੀ ਖੇਤਰਾਂ ਵਿੱਚ ਆਪਣੇ ਨੀਮ ਫ਼ੌਜੀ ਬਲਾਂ ਨੂੰ ਹਾਈ ਅਲਰਟ ‘ਤੇ ਰੱਖਣ ਕਿਉਂਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵੀ ਹਾਈ ਅਲਰਟ ‘ਤੇ ਰਹਿਣ ਲਈ ਕਿਹਾ ਗਿਆ ਹੈ। ਇਨ੍ਹਾਂ ਦੋਵੇਂ ਨੀਮ ਫੌਜੀ ਬਲਾਂ ਨੇ ਪਹਿਲਾਂ ਹੀ ਅੰਮ੍ਰਿਤਪਾਲ ਦੀਆਂ ਦੋ ਤਸਵੀਰਾਂ ਸਮੇਤ ਸਾਰੀ ਸੂਚਨਾ ਆਪਣੇ ਖੇਤਰੀ ਯੂਨਿਟਾਂ ਨੂੰ ਭੇਜ ਦਿੱਤੀਆਂ ਹਨ। ਪੰਜਾਬ ਪੁਲੀਸ ਵੱਲੋਂ ਅੰਮ੍ਰਿਤਪਾਲ ਨੂੰ ‘ਭਗੌੜਾ’ ਐਲਾਨੇ ਜਾਣ ਦੇ ਮੱਦੇਨਜ਼ਰ ਖੁਫੀਆ ਏਜੰਸੀਆਂ ਨੂੰ ਲੱਗਦਾ ਹੈ ਕਿ ਉਹ ਭਾਰਤ-ਨੇਪਾਲ ਸਰਹੱਦ ਜਾਂ ਪੰਜਾਬ ਵਿੱਚ ਕੌਮਾਂਤਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਭਾਰਤ-ਨੇਪਾਲ ਸਰਹੱਦ ਦੀ ਸੁਰੱਖਿਆ ਸਸ਼ਤਰ ਸੀਮਾ ਬਲ ਵੱਲੋਂ ਕੀਤੀ ਜਾਂਦੀ ਹੈ ਅਤੇ ਪੰਜਾਬ ਵਿੱਚ ਕੌਮਾਂਤਰੀ ਸਰਹੱਦ ਦੀ ਰਾਖੀ ਬੀਐੱਸਐੱਫ ਕਰ ਰਹੀ ਹੈ।