ਨਿਰਮਲਜੀਤ ਕੌਰ
ਗਰਮੀ ਦੀਆਂ ਛੁੱਟੀਆਂ ਮੈਂ ਹਮੇਸ਼ਾਂ ਆਪਣੇ ਨਾਨਕੇ ਘਰ ਬਿਤਾਉਂਦਾ ਸੀ। ਮੇਰੇ ਦੋਵੇਂ ਮਾਮੇ ਰਹਿੰਦੇ ਤਾਂ ਉਂਝ ਅਲੱਗ-ਅਲੱਗ ਸਨ, ਪਰ ਦੋਹਾਂ ਦੇ ਘਰ ਦਾ ਗੇਟ ਸਾਂਝਾ ਸੀ। ਮੈਂ ਅਤੇ ਮੇਰੇ ਮਾਮਿਆਂ ਦੇ ਜਵਾਕ ਅਸੀਂ ਸਾਰੇ ਮਿਲ ਕੇ ਵਿਹੜੇ ਵਿਚ ਰੌਣਕ ਲਾਈਂ ਰੱਖਦੇ। ਸ਼ਾਮ ਵੇਲੇ ਅਸੀਂ ਬਾਹਰ ਖੇਡਣ ਵੀ ਚਲੇ ਜਾਂਦੇ, ਖ਼ਾਸ ਕਰ ਵਿਹੜੇ ਵਿਚੋਂ ਲੱਗਦੀ ਸੀਤੋ ਮਾਮੀ ਦੇ ਘਰ ਅੰਬੀਆਂ ਖਾਣ, ਪਰ ਅਸੀਂ ਘਰ ਕਦੇ ਨਾ ਦੱਸਦੇ ਕਿਉਂਕਿ ਘਰਦੇ ਸਾਨੂੰ ਉਸਦੇ ਘਰ ਜਾਣ ਨਾ ਦਿੰਦੇ। ਘਰ ਦਿਆਂ ਤੋਂ ਚੋਰੀ ਖੇਤ ਜਾਣ ਦੇ ਬਹਾਨੇ ਅਸੀਂ ਉਸ ਦੇ ਘਰ ਅੰਬ ਖਾਣ ਚਲੇ ਜਾਂਦੇ।
ਸੀਤੋ ਮਾਮੀ ਦਾ ਘਰ ਪਿੰਡੋਂ ਦੂਰ ਖੇਤ ਵੱਲ ਸੀ। ਵਿਆਹ ਤੋਂ 15 ਸਾਲ ਬਾਅਦ ਵੀ ਸੀਤੋ ਮਾਮੀ ਦੇ ਘਰ ਕੋਈ ਔਲਾਦ ਨਹੀਂ ਸੀ ਹੋਈ। ਉਹ ਅੰਬ ਦਾ ਦਰੱਖਤ ਹੀ ਉਸਦੀ ਔਲਾਦ ਸੀ। ਸਾਲ ਕੁ ਪਹਿਲਾਂ ਹੀ ਉਸਦੇ ਘਰਵਾਲੇ ਦੀ ਮੌਤ ਹੋ ਚੁੱਕੀ ਸੀ। ਉਹ ਘਰ ਵਿਚ ਇਕੱਲੀ ਰਹਿੰਦੀ ਸੀ। ਉਸਨੂੰ ਉਸ ਅੰਬ ਦੇ ਦਰੱਖਤ ਨਾਲ ਬਹੁਤ ਮੋਹ ਸੀ। ਉਹ ਦੱਸਦੀ ਹੁੰਦੀ ਸੀ, ‘ਇਹ ਅੰਬ ਦਾ ਛੋਟਾ ਜਿਹਾ ਬੂਟਾ ਥੋਡੇ ਮਾਮਾ ਜੀ ਨੇ ਕਿਤੋਂ ਲਿਆ ਕੇ ਲਾਇਆ ਸੀ। ਅਸੀਂ ਦੋਵੇਂ ਇਸ ਦਰੱਖਤ ਦੀ ਜਵਾਕਾਂ ਵਾਂਗ ਦੇਖ-ਭਾਲ ਕਰਦੇ ਰਹੇ ਤੇ ਦਿਨਾਂ ਵਿਚ ਹੀ ਇਹ ਵੱਡਾ ਦਰੱਖਤ ਬਣ ਗਿਆ ਤੇ ਬੂਰ ਪੈਣਾ ਸ਼ੁਰੂ ਹੋ ਗਿਆ, ਪਰ ਘਰ ਵਿਚ ਅੰਬ ਖਾਣ ਵਾਲਾ ਤਾਂ ਕੋਈ ਜਵਾਕ ਹੈ ਨਹੀਂ ਸੀ। ਨਾ ਕੋਈ ਸਾਡੇ ਘਰ ਆਪਣੇ ਜਵਾਕਾਂ ਨੂੰ ਆਉਣ-ਜਾਣ ਦਿੰਦਾ। ਮੇਰੇ ਮਨ ਵਿਚ ਇਹ ਸਵਾਲ ਤਾਂ ਕਦੋਂ ਦਾ ਸੀ ਤੇ ਅਖ਼ੀਰ ਮੈਂ ਮਾਮੀ ਨੂੰ ਪੁੱਛਿਆ ਹੀ ਲਿਆ, ‘ਮਾਮੀ ਕਿਉਂ ਨਹੀਂ ਆਉਣ ਦਿੰਦੇ?’ ‘ਪੁੱਤ ਤੂੰ ਅਜੇ ਨਿਆਣੈ ਤੈਨੂੰ ਇਹ ਗੱਲਾਂ ਸਮਝ ਨਹੀਂ ਆਉਣੀਆਂ।’ ਮਾਮੀ ਇਹ ਕਹਿ ਕੇ ਹਮੇਸ਼ਾਂ ਟਾਲ ਛੱਡਦੀ। ‘ਬਸ! ਤੁਸੀਂ ਘਰ ਜਾ ਕੇ ਦੱਸਿਓ ਨਾ ਬਈ ਤੁਸੀਂ ਏਥੇ ਆਉਨੇ ਓਂ।’ ਅਸੀਂ ਤਾਂ ਪਹਿਲਾਂ ਹੀ ਘਰ ਦੱਸਦੇ ਨਹੀਂ ਸੀ।
ਸਮਾਂ ਬੀਤਦਾ ਗਿਆ। ਮੈਂ ਉਦੋਂ ਬਾਰ੍ਹਵੀਂ ਦੇ ਪੇਪਰਾਂ ਤੋਂ ਬਾਅਦ ਨਾਨਕੇ ਗਿਆ ਹੋਇਆ ਸਾਂ ਤੇ ਇਕ ਦਿਨ ਸਾਡੇ ਘਰ ਪਤਾ ਲੱਗ ਗਿਆ ਕਿ ਅਸੀਂ ਰੋਜ਼ ਸੀਤੋ ਮਾਮੀ ਦੇ ਘਰ ਜਾਂਦੇ ਹਾਂ। ਸਾਨੂੰ ਘਰੇ ਖ਼ੂਬ ਝਿੜਕਾਂ ਪਈਆਂ ਤੇ ਦੁਬਾਰਾ ਨਾ ਜਾਣ ਲਈ ਕਿਹਾ ਗਿਆ। ਇਸ ਕਾਰਨ ਉਸ ਦਿਨ ਅਸੀਂ ਸੀਤੋ ਮਾਮੀ ਦੇ ਘਰ ਨਾ ਜਾ ਸਕੇ। ਅਸੀਂ ਅੰਦਰੋਂ-ਅੰਦਰੀਂ ਝੂਰਦੇ ਰਹੇ। ਰਾਤ ਨੂੰ ਮੰਜੇ ’ਤੇ ਪਏ ਵੀ ਮੇਰੇ ਮਨ ਵਿਚ ਇਹ ਸਵਾਲ ਵਾਰ-ਵਾਰ ਆਉਂਦਾ ਰਿਹਾ ਕਿ ਆਖ਼ਿਰ ਕਿਉਂ ਨਹੀਂ ਜਾਣ ਦਿੰਦੇ ਸਾਨੂੰ? ਸੀਤੋ ਮਾਮੀ ਤਾਂ ਇੰਨਾ ਮੋਹ ਕਰਦੀ ਐ ਸਾਡਾ। ਮੈਂ ਮਨ ਵਿਚ ਠਾਣ ਲਿਆ ਕਿ ਹੁਣ ਤਾਂ ਸੀਤੋ ਮਾਮੀ ਨੂੰ ਪੁੱਛ ਕੇ ਹੀ ਰਹੂੰ ਕਿ ਆਖ਼ਿਰ ਅਜਿਹਾ ਕੀ ਐ?
ਅਗਲੇ ਦਿਨ ਮਾਮੇ ਨਾਲ ਅਸੀਂ ਖੇਤ ਗਏ। ਮਾਮੇ ਨੇ ਕੰਮ ਮੁਕਾ ਲਿਆ ਤੇ ਸਾਨੂੰ ਘਰ ਚੱਲਣ ਲਈ ਆਵਾਜ਼ ਮਾਰੀ, ਪਰ ਅਸੀਂ ਮੋਟਰ ’ਤੇ ਨਹਾਉਣ ਦੇ ਬਹਾਨੇ ਉੱਥੇ ਹੀ ਰੁਕ ਗਏ ਅਤੇ ਮਾਮਾ ਘਰ ਚਲਾ ਗਿਆ। ਪਿੱਛੋਂ ਅਸੀਂ ਸੀਤੋ ਮਾਮੀ ਦੇ ਘਰ ਚਲੇ ਗਏ। ਮਾਮੀ ਸਾਨੂੰ ਦੇਖ ਕੇ ਬਹੁਤ ਖ਼ੁਸ਼ ਹੋਈ। ਉਸਦੇ ਕੁਝ ਕਹਿਣ ਤੋਂ ਪਹਿਲਾਂ ਹੀ ਮੈਂ ਉਸਨੂੰ ਪੁੱਛਿਆ, ‘ਮਾਮੀ ਤੂੰ ਪਹਿਲਾਂ ਮੈਨੂੰ ਇਹ ਦੱਸ ਬਈ ਤੇਰੇ ਘਰ ਲੋਕ ਆਪਣੇ ਜਵਾਕਾਂ ਨੂੰ ਕਿਉਂ ਨਹੀਂ ਆਉਣ ਦਿੰਦੇ।’ ਮਾਮੀ ਨੇ ਟਾਲ-ਮਟੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਖਹਿੜੇ ਪਿਆ ਰਿਹਾ। ਫਿਰ ਮਾਮੀ ਨੂੰ ਲੱਗਿਆ ਕਿ ਇਸਨੇ ਇੰਜ ਨਹੀਂ ਮੰਨਣਾ। ਉਸਨੇ ਭਰੀਆਂ ਅੱਖਾਂ ਨਾਲ ਕਿਹਾ, ‘ਮੈਂ ਬਾਂਝ ਆਂ ਨਾ, ਕੋਈ ਔਲਾਦ ਨਹੀਂ ਨਾ ਮੇਰੇ ਕੋਲ ਤਾਂ ਕਰਕੇ।’ ਕਹਿੰਦਿਆਂ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ। ਮੈਂ ਵੀ ਉਸ ਨੂੰ ਰੋਂਦਿਆਂ ਦੇਖ ਕੇ ਸੁੰਨ ਜਿਹਾ ਹੋ ਗਿਆ। ‘ਮਾਮੀ ਇਹਦੇ ’ਚ ਤੇਰਾ ਕੀ ਕਸੂਰ, ਨਾਲੇ ਇਹ ਤੇਰੀ ਓ ਔਲਾਦ ਐ, ਤੂੰ ਇਸਨੂੰ ਵੀ ਤਾਂ ਨਿਆਣਿਆਂ ਵਾਂਗ ਪਾਲਿਐ।’ ਮੈਂ ਅੰਬ ਦੇ ਦਰੱਖਤ ਵੱਲ ਉਂਗਲ ਕਰਕੇ ਕਿਹਾ। ਮਾਮੀ ਨੇ ਹਾਂ ’ਚ ਸਿਰ ਹਿਲਾਇਆ ਤੇ ਅੱਥਰੂ ਪੂੰਝੇ। ‘ਚੱਲ ਤੁਸੀਂ ਹੁਣ ਅੰਬ ਖਾਓ ਤੇ ਛੇਤੀ ਘਰ ਜਾਓ, ਹਨੇਰਾ ਹੋਣ ਵਾਲੈ।’ ਮੈਨੂੰ ਮਾਮੀ ਦੀ ਗੱਲ ਸੁਣ ਕੇ ਘਰਦਿਆਂ ਅਤੇ ਪਿੰਡ ਵਾਲਿਆਂ ’ਤੇ ਬਹੁਤ ਗੁੱਸਾ ਆਇਆ, ਪਰ ਮੈਂ ਕਿਸੇ ਨੂੰ ਕੁਝ ਨਾ ਕਿਹਾ ਕਿਉਂਕਿ ਮੈਨੂੰ ਇਹ ਡਰ ਸੀ ਕਿ ਕਿਤੇ ਜੇ ਦੁਬਾਰਾ ਮਾਂ ਨੇ ਨਾਨਕੇ ਹੀ ਨਾ ਆਉਣ ਦਿੱਤਾ, ਫਿਰ ਸੀਤੋ ਮਾਮੀ ਦੇ ਘਰ ਕਿਵੇਂ ਜਾਇਆ ਕਰੂੰ? ਇੰਜ ਮੈਂ ਹਰ ਗਰਮੀ ਦੀਆਂ ਛੁੱਟੀਆਂ ਨਾਨਕੇ ਜਾਂਦਾ ਤੇ ਚੋਰੀ-ਚੋਰੀ ਕੁਝ ਕੁ ਦਿਨਾਂ ਮਗਰੋਂ ਸੀਤੋ ਮਾਮੀ ਕੋਲ ਵੀ ਜਾ ਆਉਂਦਾ। ਹੌਲੀ-ਹੌਲੀ ਸਮਾਂ ਬੀਤਦਾ ਗਿਆ। ਮਾਮਿਆਂ ਦੇ ਜਵਾਕਾਂ ਦਾ ਤੇ ਮੇਰਾ ਵੀ ਵਿਆਹ ਹੋ ਗਿਆ, ਪਰ ਮੈਂ ਜਦੋਂ ਵੀ ਨਾਨਕੇ ਜਾਂਦਾ ਸੀਤੋ ਮਾਮੀ ਦੇ ਘਰ ਜ਼ਰੂਰ ਜਾਂਦਾ। ਤਿੰਨ ਸਾਲ ਬੀਤ ਗਏ ਕੁਝ ਰੁਝੇਵਿਆਂ ਕਰਕੇ ਨਾਨਕੇ ਨਾ ਜਾ ਸਕਿਆ। ਤਿੰਨ ਸਾਲ ਬਾਅਦ ਜਦੋਂ ਗਿਆ ਤਾਂ ਸੀਤੋ ਮਾਮੀ ਬਹੁਤ ਬਜ਼ੁਰਗ ਹੋ ਚੁੱਕੀ ਸੀ ਅਤੇ ਆਖ਼ਰੀ ਸਾਹਾਂ ’ਤੇ ਸੀ। ਮੈਂ ਸੀਤੋ ਮਾਮੀ ਕੋਲ ਗਿਆ ਤਾਂ ਖ਼ੁਸ਼ੀ ਦੀ ਲਹਿਰ ਉਸ ਦੀਆਂ ਅੱਖਾਂ ਵਿਚ ਦੌੜ ਪਈ। ਮੈਂ ਉਸ ਦੇ ਕੋਲ ਜਾ ਕੇ ਬੈਠ ਗਿਆ। ਬਹੁਤ ਹੌਲੀ ਆਵਾਜ਼ ਵਿਚ ਉਸ ਨੇ ਕਿਹਾ, ‘ਆ ਗਿਐਂ ਪੁੱਤ, ਮੈਂ ਤੈਨੂੰ ਇਕ ਗੱਲ ਪੁੱਛਣੀ ਐ…ਮੇਰੇ ਜਾਣ ਪਿੱਛੋਂ…ਇਸ ਅੰਬ ਦੇ ਦਰੱਖਤ, ਮੇਰੀ ਔਲਾਦ ਦਾ ਖ਼ਿਆਲ ਰੱਖੇਂਗਾ ਨਾ…।’ ਮੈਂ ਮਾਮੀ ਦਾ ਕਰੰਗ ਹੋਇਆ ਹੱਥ ਆਪਣੇ ਹੱਥਾਂ ਵਿਚ ਲੈ ਕੇ ਕਿਹਾ, ‘ਤੂੰ ਨਿਸ਼ਚਿੰਤ ਰਹਿ ਮਾਮੀ।’ ਇਹ ਸੁਣ ਕੇ ਮਾਮੀ ਜਿਵੇਂ ਸੰਤੁਸ਼ਟ ਹੋ ਗਈ ਤੇ ਇਕ ਹਲਕੀ ਜਿਹੀ ਮੁਸਕਾਨ ਉਸਦੇ ਚਿਹਰੇ ’ਤੇ ਆ ਗਈ। ‘ਉਹ ਸੰਦੂਕ ’ਚੋਂ ਕਾਗਜ਼ ਕੱਢ…।’ ਮੈਂ ਮਾਮੀ ਦੇ ਕਹੇ ਅਨੁਸਾਰ ਕਾਗਜ਼ ਲਿਆ ਕੇ ਮਾਮੀ ਵੱਲ ਕਰ ਦਿੱਤਾ। ‘ਇਹਨੂੰ ਸਾਂਭ ਕੇ ਰੱਖ ਇਹ ਘਰ ਤੇ ਅੰਬ ਦਾ ਦਰੱਖਤ ਹੁਣ ਤੇਰੇ ਹਵਾਲੇ ਆ।’ ਕਹਿ ਉਸਨੇ ਆਖ਼ਰੀ ਵਾਰੀ ਲੰਮਾ ਸਾਹ ਲਿਆ।
ਪੱਚੀ ਸਾਲ ਬੀਤ ਗਏ ਇਸ ਗੱਲ ਨੂੰ ਤੇ ਅੱਜ ਵੀ ਇਸ ਅੰਬ ਦੇ ਦਰੱਖਤ ਨੂੰ ਫ਼ਲ ਲੱਗਦੈ। ਗਰਮੀ ਦੀਆਂ ਛੁੱਟੀਆਂ ’ਚ ਮੇਰੇ ਅਤੇ ਮੇਰੇ ਮਾਮੇ ਦੇ ਜਵਾਕਾਂ ਦੇ ਪੋਤੇ-ਪੋਤੀਆਂ ਨਾਲ ਰਲ ਕੇ ਦੋਹਤੇ-ਦੋਹਤੀਆਂ ਵੀ ਇਸਦੇ ਹੇਠ ਖੇਡਦੇ, ਇਸਦੇ ਫ਼ਲ ਖਾਂਦੇ ਤੇ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਇਸਦੀ ਦੇਖ-ਭਾਲ ਕਰਦੇ। ਸਮਾਂ ਬੀਤਦਾ ਗਿਆ ਤੇ ਹੌਲੀ-ਹੌਲੀ ਪਿੰਡ ਦੇ ਜਵਾਕ ਵੀ ਆਉਣ ਲੱਗ ਪਏ। ਸ਼ਾਇਦ ਮੇਰੇ ਇੱਥੇ ਰਹਿਣ ਨਾਲ ਉਨ੍ਹਾਂ ਦੇ ਮਾਪਿਆਂ ਦਾ ਵੀ ਯਕੀਨ ਬੱਝਣ ਲੱਗ ਪਿਆ।
ਬੱਚੇ ਆਉਂਦੇ ਦੇਖ ਕਿ ਮੈਂ ਇਹ ਘਰ ਆਂਗਨਵਾੜੀ ਸੈਂਟਰ ਨੂੰ ਦੇ ਦਿੱਤਾ ਤੇ ਹੁਣ ਇੱਥੇ ਛੋਟੇ-ਛੋਟੇ ਜਵਾਕ ਇਸ ਦੀ ਛਾਵੇਂ ਖੇਡਦੇ-ਪੜ੍ਹਦੇ, ਮਿੱਠੇ-ਮਿੱਠੇ ਅੰਬ ਖਾਂਦੇ ਤੇ ਰੌਣਕ ਲਾਈ ਰੱਖਦੇ ਨੇ। ਖੇਤ ਆਉਂਦੇ ਜਾਂਦੇ ਰਾਹੀ ਵੀ ਇਸਦੀ ਸੰਘਣੀ ਛਾਂ ਹੇਠ ਬੈਠ ਜਾਂਦੇ ਤੇ ਅੰਬਾਂ ਦਾ ਆਨੰਦ ਮਾਣਦੇ ਨੇ। ਸੀਤੋ ਮਾਮੀ ਦੇ ਮੋਹ ਦਾ ਨਿੱਘ ਮੈਨੂੰ ਅੱਜ ਵੀ ਇਸ ਅੰਬ ਦੇ ਦਰੱਖਤ ’ਚੋਂ ਮਹਿਸੂਸ ਹੁੰਦੈ।