ਨਵੀਂ ਦਿੱਲੀ,4 ਜੁਲਾਈ – ਮੌਜੂਦਾ ਵਿਸ਼ਵ ਕੱਪ ਲਈ ਅਣਦੇਖੀ ਕੀਤੇ ਜਾਣ ਤੋਂ ਬਾਅਦ ਭਾਰਤੀ ਮੱਧਕ੍ਰਮ ਬੱਲੇਬਾਜ਼ ਅੰਬਾਤੀ ਰਾਇਡੂ ਨੇ ਬਿਨਾਂ ਕਾਰਨ ਦੱਸੇ ਅੱਜ ਅਚਾਨਕ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਆਂਧਰਾ ਪ੍ਰਦੇਸ਼ ਦੇ ਇਸ 33 ਸਾਲਾ ਖਿਡਾਰੀ ਨੂੰ ਬਰਤਾਨੀਆ ਵਿੱਚ ਚੱਲ ਰਹੇ ਵਿਸ਼ਵ ਕੱਪ ਲਈ ਅਧਿਕਾਰਤ ਸਟੈਂਡਬਾਈ ਸੂਚੀ ਵਿੱਚ ਰੱਖਿਆ ਗਿਆ ਸੀ ਪਰ ਆਲਰਾਊਂਡਰ ਵਿਜੈ ਸ਼ੰਕਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਸ ਦੀ ਅਣਦੇਖੀ ਕੀਤੀ ਗਈ। ਟੀਮ ਪ੍ਰਬੰਧਨ ਦੇ ਜ਼ੋਰ ਦੇਣ ਤੋਂ ਬਾਅਦ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਪਤਾ ਲੱਗਿਆ ਹੈ ਕਿ ਰਾਇਡੂ ਇਨ੍ਹਾਂ ਘਟਨਾਵਾਂ ਤੋਂ ਕਾਫੀ ਨਿਰਾਸ਼ ਹੋ ਗਿਆ। ਇਸ ਖਿਡਾਰੀ ਨੇ ਹੁਣੇ ਅਧਿਕਾਰਤ ਤੌਰ ’ਤੇ ਐਲਾਨ ਨਹੀਂ ਕੀਤਾ ਹੈ ਪਰ ਭਾਰਤੀ ਕ੍ਰਿਕਟ ਬੋਰਡ ਦੇ ਅਧਿਕਾਰੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਨੇ ਇਸ ਫ਼ੈਸਲੇ ਬਾਰੇ ਕ੍ਰਿਕਟ ਬੋਰਡ ਨੂੰ ਜਾਣੂ ਕਰਵਾ ਦਿੱਤਾ ਹੈ।
ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਰਾਇਡੂ ਦਾ ਈ-ਮੇਲ ਮਿਲਿਆ ਹੈ, ਜਿਸ ਵਿੱਚ ਉਸ ਨੇ ਕ੍ਰਿਕਟ ਦੇ ਹਰ ਰੂਪ ਤੋਂ ਸੰਨਿਆਸ ਲੈਣ ਦੇ ਆਪਣੇ ਫ਼ੈਸਲੇ ਤੋਂ ਜਾਣੂ ਕਰਵਾਇਆ ਹੈ। ਰਾਇਡੂ ਨੇ ਈ-ਮੇਲ ’ਚ ਲਿਖਿਆ, ‘‘ਮੈਂ ਖੇਡ ਤੋਂ ਦੂਰ ਜਾਣ ਅਤੇ ਕ੍ਰਿਕਟ ਦੇ ਸਾਰੇ ਰੂਪਾਂ ਤੇ ਖੇਡ ਦੇ ਸਾਰੇ ਪੱਧਰਾਂ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਲਿਆ ਹੈ। ਮੈਂ ਭਾਰਤੀ ਕ੍ਰਿਕਟ ਬੋਰਡ ਅਤੇ ਰਾਜ ਕ੍ਰਿਕਟ ਐਸੋਸੀਏਸ਼ਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਵਿੱਚ ਹੈਦਰਾਬਾਦ, ਬੜੌਦਾ, ਆਂਧਰਾ ਪ੍ਰਦੇਸ਼ ਤੇ ਵਿਦਰਭ ਸ਼ਾਮਲ ਹਨ। ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਕਾਫੀ ਮਾਣ ਵਾਲੀ ਗੱਲ ਰਹੀ। ਮੈਂ ਉਨ੍ਹਾਂ ਕਪਤਾਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਦੀ ਕਪਤਾਨੀ ’ਚ ਮੈਂ ਖੇਡਿਆ, ਜਿਵੇਂ ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ ਅਤੇ ਖ਼ਾਸ ਕਰ ਕੇ ਵਿਰਾਟ ਕੋਹਲੀ ਦਾ, ਜਿਨ੍ਹਾਂ ਭਾਰਤੀ ਟੀਮ ਦੇ ਨਾਲ ਮੇਰੇ ਪੂਰੇ ਕਰੀਅਰ ਵਿੱਚ ਮੇਰੇ ’ਤੇ ਹਮੇਸ਼ਾਂ ਭਰੋਸਾ ਪ੍ਰਗਟਾਇਆ। ਇਸ ਖੇਡ ਦਾ ਸਫ਼ਰ ਸ਼ਾਨਦਾਰ ਰਿਹਾ ਅਤੇ ਪਿਛਲੇ 25 ਸਾਲਾਂ ’ਚ ਵੱਖ-ਵੱਖ ਪੱਧਰ ਲਈ ਖੇਡਦੇ ਹੋਏ ਉਤਾਰ-ਚੜ੍ਹਾਓ ਤੋਂ ਕਾਫੀ ਕੁੱਝ ਸਿੱਖਿਆ।’’
ਰਾਇਡੂ ਨੇ ਭਾਰਤ ਲਈ 55 ਇਕ ਰੋਜ਼ਾ ਮੈਚ ਖੇਡਦੇ ਹੋਏ 47.05 ਦੀ ਔਸਤ ਨਾਲ 1694 ਦੌੜਾਂ ਬਣਾਈਆਂ। ਇਹ ਖਿਡਾਰੀ ਕਦੇ ਟੈਸਟ ਟੀਮ ਵਿੱਚ ਜਗ੍ਹਾ ਨਹੀਂ ਬਣਾ ਸਕਿਆ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਉਹ ਚਰਚਾ ਵਿੱਚ ਬਣਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਕੁਝ ਮਹੀਨੇ ਪਹਿਲਾਂ ਚੌਥੇ ਨੰਬਰ ਲਈ ਰਾਇਡੂ ਦੇ ਨਾਂ ਨੂੰ ਤਰਜੀਹ ਦਿੱਤੀ ਸੀ ਪਰ ਟੂਰਨਾਮੈਂਟ ਲਈ ਚੁਣੀ ਗਈ ਆਖ਼ਰੀ ਟੀਮ ਵਿੱਚ ਰਾਇਡੂ ਦੀ ਅਣਦੇਖੀ ਕੀਤੀ ਗਈ ਅਤੇ ਸ਼ੰਕਰ ਨੂੰ ਚੁਣਿਆ ਗਿਆ।
ਮੁੱਖ ਚੋਣਕਾਰ ਐੱਮਐੱਸਕ ਪ੍ਰਸਾਦ ਨੇ ਇਸ ਫ਼ੈਸਲੇ ਨੂੰ ਸਹੀ ਕਰਾਰ ਦਿੱਤਾ ਸੀ। ਉਸ ਮਗਰੋਂ ਰਾਇਡੂ ਨੇ ਇਸ ਬਿਆਨ ਦਾ ਮਖ਼ੌਲ ਉਡਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਟਵੀਟ ਕੀਤਾ, ‘‘ਵਿਸ਼ਵ ਕੱਪ ਦੇਖਣ ਲਈ 3ਡੀ ਚਸ਼ਮੇ ਦਾ ਆਰਡਰ ਕੀਤਾ ਹੈ।’’ ਉਸ ਤੋਂ ਬਾਅਦ ਉਸ ਨੂੰ ਸਟੈਂਡਬਾਈ ਸੂਚੀ ’ਚ ਸ਼ਾਮਲ ਕੀਤਾ ਗਿਆ, ਪਰ ਉਸ ਨੂੰ ਸੱਦਿਆ ਨਹੀਂ ਗਿਆ। ਘਰੇਲੂ ਸਰਕਟ ਵਿਚ ਸਾਥੀ ਕ੍ਰਿਕਟਰਾਂ ਦੇ ਨਾਲ ਕਈ ਵਾਰ ਅਤੇ ਇੱਥੋਂ ਤੱਕ ਕਿ ਮੈਚ ਦੇ ਅਧਿਕਾਰੀਆਂ ਦੇ ਨਾਲ ਝੜਪ ਕਾਰਨ ਰਾਇਡੂ ਦਾ ਅਕਸ ਤੁਣਕਮਿਜਾਜ਼ ਖਿਡਾਰੀ ਦਾ ਬਣ ਗਿਆ।
ਰਾਇਡੂ ਨੇ ਸੀਮਿਤ ਓਵਰਾਂ ਦੇ ਰੂਪ ’ਚ ਧਿਆਨ ਲਾਉਣ ਲਈ ਪਿਛਲੇ ਸਾਲ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਹ 2007 ਵਿੱਚ ਪਾਬੰਦੀਸ਼ੁਦਾ ਇੰਡੀਅਨ ਕ੍ਰਿਕਟ ਲੀਗ ਵਿਚ ਖੇਡਿਆ ਸੀ ਜੋ ਕੌਮੀ ਟੀਮ ’ਚ ਉਸ ਦੀ ਚੋਣ ’ਚ ਅੜਿੱਕਾ ਬਣੀ ਸੀ। ਬਾਅਦ ਵਿੱਚ ਉਹ ਉਨ੍ਹਾਂ 79 ਖਿਡਾਰੀਆਂ ’ਚ ਸ਼ਾਮਲ ਰਿਹਾ ਜਿਨ੍ਹਾਂ ਨੂੰ ਕ੍ਰਿਕਟ ਕੰਟਰੋਲ ਬੋਰਡ ਨੇ 2009 ’ਚ ਬਾਗੀ ਲੀਗ ਵਿੰਚ ਖੇਡਣ ਲਈ ਮੁਆਫ਼ੀ ਦਿੱਤੀ ਸੀ। ਉਸ ਨੇ 2013 ’ਚ ਜ਼ਿੰਬਾਬਵੇ ਖ਼ਿਲਾਫ਼ ਕੌਮੀ ਇਕ ਰੋਜ਼ਾ ਟੀਮ ਵਿੱਚ ਜਗ੍ਹਾ ਬਣਾਈ। ਆਈਪੀਐੱਲ ਸ਼ੁਰੂ ਹੋਣ ਤੋਂ ਬਾਅਦ ਰਾਇਡੂ ਨੂੰ ਮੁੰਬਈ ਇੰਡੀਅਨਜ਼ ਨੇ ਚੁਣ ਲਿਆ, ਜਿਸ ਮਗਰੋਂ ਉਹ ਚੇਨੱਈ ਸੁਪਰਕਿੰਗਜ਼ ਦੇ ਨਾਲ ਰਿਹਾ। ਪਿਛਲੇ ਸਾਲ ਰਾਇਡੂ ਸੁਰਖੀਆਂ ’ਚ ਆਇਆ ਜਦੋਂ ਉਸ ਉੱਪਰ ਸਈਦ ਮੁਸ਼ਤਾਕ ਅਲੀ ਟਰਾਫੀ ਦੌਰਾਨ ਮੈਦਾਨੀ ਅੰਪਾਇਰ ਦੇ ਨਾਲ ਬਹਿਸ ਕਾਰਨ ਦੋ ਮੈਚਾਂ ’ਤੇ ਰੋਕ ਲਗਾ ਦਿੱਤੀ ਗਈ।