ਦੁਬਈ, 29 ਜਨਵਰੀ
ਆਈਸੀਸੀ ਨੇ ਅੰਬਾਤੀ ਰਾਇਡੂ ਦੇ ਕੌਮਾਂਤਰੀ ਕ੍ਰਿਕਟ ਵਿੱਚ ਗੇਂਦਬਾਜ਼ੀ ’ਤੇ ਅੱਜ ਪਾਬੰਦੀ ਲਾ ਦਿੱਤੀ ਹੈ ਕਿਉਂਕਿ ਇਸ ਭਾਰਤੀ ਕ੍ਰਿਕਟਰ ਨੇ 14 ਦਿਨ ਦੀ ਤੈਅ ਸਮਾਂ ਸੀਮਾ ਦੇ ਅੰਦਰ ਆਪਣੇ ਸ਼ੱਕੀ ਐਕਸ਼ਨ ਦੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਰਾਇਡੂ ਦੇ ਐਕਸ਼ਨ ਦੀ ਸ਼ਿਕਾਇਤ 13 ਜਨਵਰੀ ਨੂੰ ਆਸਟਰੇਲੀਆ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ ਦੌਰਾਨ ਕੀਤੀ ਗਈ ਸੀ।
ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਇਸ ਖਿਡਾਰੀ ਨੇ 14 ਦਿਨ ਦੀ ਸਮਾਂ ਸੀਮਾ ਦੇ ਅੰਦਰ ਆਪਣੇ ਗੇਂਦਬਾਜ਼ੀ ਐਕਸ਼ਨ ਦੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਲਿਹਾਜ਼ਾ ਉਨ੍ਹਾਂ ਦੇ ਕੌਮਾਂਤਰੀ ਕ੍ਰਿਕਟ ਵਿੱਚ ਗੇਂਦਬਾਜ਼ੀ ਕਰਨ ’ਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ।’’ ਆਈਸੀਸੀ ਨੇ ਕਿਹਾ ਕਿ ਜਾਂਚ ਹੋਣ ਤੱਕ ਇਹ ਪਾਬੰਦੀ ਲਾਗੂ ਰਹੇਗੀ। ਉਸ ਨੂੰ ਇਹ ਵਿਖਾਉਣਾ ਹੋਵੇਗਾ ਕਿ ਉਹ ਸਹੀ ਐਕਸ਼ਨ ਨਾਲ ਗੇਂਦਬਾਜ਼ੀ ਕਰ ਸਕਦਾ ਹੈ।’’
ਰਾਇਡੂ ਬੀਸੀਸੀਆਈ ਦੀ ਸਹਿਮਤੀ ਨਾਲ ਘਰੇਲੂ ਕ੍ਰਿਕਟ ਵਿੱਚ ਗੇਂਦਬਾਜ਼ੀ ਕਰ ਸਕਦਾ ਹੈ। ਰਾਇਡੂ ਹਾਲਾਂਕਿ ਬੱਲੇਬਾਜ਼ ਹੈ ਅਤੇ ਇੱਕ ਰੋਜ਼ਾ ਕ੍ਰਿਕਟ ਵਿੱਚ ਹੁਣ ਤੱਕ 49 ਮੈਚਾਂ ਵਿੱਚ ਸਿਰਫ਼ 121 ਗੇਂਦਾਂ ਪਾਈਆਂ ਹਨ।