ਨਵੀਂ ਦਿੱਲੀ, 8 ਮਈ
ਇੰਗਲੈਂਡ ਦੇ ਅੰਪਾਇਰ ਨਾਈਜਲ ਲੌਂਗ ਨੂੰ ਵਿਰਾਟ ਕੋਹਲੀ ਨਾਲ ਬਹਿਸ ਮਗਰੋਂ ਸਟੇਡੀਅਮ ਦੇ ਇੱਕ ਕਮਰੇ ਦੇ ਦਰਵਾਜੇ ਨੂੰ ਕਥਿਤ ਤੌਰ ’ਤੇ ਤੋੜਨ ਕਾਰਨ ਬੀਸੀਸੀਆਈ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਭਾਰਤੀ ਬੋਰਡ 12 ਮਈ ਨੂੰ ਹੋਣ ਵਾਲੇ ਆਈਪੀਐਲ ਫਾਈਨਲ ਤੋਂ ਪਹਿਲਾਂ ਨਹੀਂ ਹਟਾਏਗਾ।
ਰੌਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਕੋਹਲੀ ਨੇ ਸ਼ਨਿੱਚਰਵਾਰ ਨੂੰ ਬੰਗਲੌਰ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮੈਚ ਦੌਰਾਨ ਨੋ-ਬਾਲ ਦੇ ਇੱਕ ਵਿਵਾਦਿਤ ਫ਼ੈਸਲੇ ਨੂੰ ਲੈ ਕੇ ਅੰਪਾਇਰ ਨਾਲ ਬਹਿਸ ਕੀਤੀ ਸੀ, ਜਿਸ ’ਤੇ ਉਹ ਭੜਕ ਗਿਆ। ਰਿਪੋਰਟ ਅਨੁਸਾਰ ਆਈਸੀਸੀ ਇਲੀਟ ਪੈਨਲ ਦੇ ਅੰਪਾਇਰ ਨੇ ਪਾਰੀ ਦੇ ਬਰੇਕ ਦੌਰਾਨ ਅੰਪਾਇਰਾਂ ਦੇ ਕਮਰੇ ਦਾ ਦਰਵਾਜਾ ਤੋੜ ਦਿੱਤਾ ਸੀ।
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲੌਂਗ ਨੂੰ ਇਸ ’ਤੇ ਸਫ਼ਾਈ ਦੇਣੀ ਪੈ ਸਕਦੀ ਹੈ, ਪਰ ਉਹ ਹੈਦਰਾਬਾਦ ਵਿੱਚ ਹੋਣ ਵਾਲੇ ਆਈਪੀਐਲ ਫਾਈਨਲ ਤੋਂ ਨਹੀਂ ਹਟੇਗਾ। ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਆਰ ਸੁਧਾਕਰ ਰਾਓ ਨੇ ਕਿਹਾ ਕਿ ਅੰਪਾਇਰ ਨੇ ਨੁਕਸਾਨ ਦੀ ਕੀਮਤ ਚੁਕਾ ਦਿੱਤੀ ਹੈ। ਕੇਐਸਸੀਏ ਅਧਿਕਾਰੀਆਂ ਦੇ ਕਹਿਣ ਮਗਰੋਂ ਉਸ ਨੇ ਪੰਜ ਹਜ਼ਾਰ ਰੁਪਏ ਦਿੱਤੇ ਅਤੇ ਉਸ ਦੀ ਰਸੀਦ ਵੀ ਮੰਗੀ। ਲੌਂਗ 56 ਟੈਸਟ, 123 ਇੱਕ ਰੋਜ਼ਾ ਅਤੇ 32 ਟੀ-20 ਕੌਮਾਂਤਰੀ ਮੈਚਾਂ ਵਿੱਚ ਅੰਪਾਈਰਿੰਗ ਕਰ ਚੁੱਕਿਆ ਹੈ ਅਤੇ ਵਿਸ਼ਵ ਕੱਪ ਦੇ ਅੰਪਾਈਰਾਂ ਵਿੱਚੋਂ ਇੱਕ ਹੋਵੇਗਾ।