ਮੁੰਬਈ, 3 ਦਸੰਬਰ
ਉਤਰ ਪ੍ਰਦੇਸ਼ ਦੇ ਬੱਲੇਬਾਜ਼ ਪ੍ਰਿਯਮ ਗਰਗ ਦੱਖਣੀ ਅਫਰੀਕਾ ਵਿੱਚ ਅਗਲੇ ਸਾਲ ਹੋਣ ਵਾਲੇ ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਵਿੱਚ ਮੌਜੂਦਾ ਚੈਂਪੀਅਨ ਭਾਰਤ ਕ੍ਰਿਕਟ ਟੀਮ ਦੀ ਅਗਵਾਈ ਕਰੇਗਾ। ਸਰਬ ਭਾਰਤੀ ਜੂਨੀਅਰ ਚੋਣ ਕਮੇਟੀ ਨੇ ਐਤਵਾਰ ਨੂੰ ਇੱਥੇ ਮੀਟਿੰਗ ਕਰਕੇ 17 ਜਨਵਰੀ ਤੋਂ ਨੌਂ ਫਰਵਰੀ ਤੱਕ ਹੋਣ ਵਾਲੇ ਟੂਰਨਾਮੈਂਟ ਲਈ ਟੀਮ ਐਲਾਨੀ।
ਸੀਨੀਅਰ ਕ੍ਰਮ ਦੇ ਬੱਲੇਬਾਜ਼ ਗਰਗ ਦੇ ਨਾਮ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਦੂਹਰਾ ਸੈਂਕੜਾ ਅਤੇ ਲਿਸਟ ‘ਏ’ ਵਿੱਚ ਸੈਂਕੜਾ ਦਰਜ ਹੈ। ਗਰਗ ਭਾਰਤ ‘ਸੀ’ ਟੀਮ ਦਾ ਵੀ ਹਿੱਸਾ ਸੀ ਜੋ ਬੀਤੇ ਮਹੀਨੇ ਦੇਵਧਰ ਟਰਾਫ਼ੀ ਵਿੱਚ ਉਪ ਜੇਤੂ ਰਹੀ। ਉਸ ਨੇ ਫਾਈਨਲ ਵਿੱਚ ਭਾਰਤ ‘ਬੀ’ ਖ਼ਿਲਾਫ਼ 74 ਦੌੜਾਂ ਦੀ ਪਾਰੀ ਖੇਡੀ। ਰਣਜੀ ਟਰਾਫ਼ੀ ਸੈਸ਼ਨ 2018-19 ਵਿੱਚ ਗਰਗ ਉਤਰ ਪ੍ਰਦੇਸ਼ ਦਾ ਦੂਜਾ ਸੀਨੀਅਰ ਸਕੋਰਰ ਰਿਹਾ। ਉਸ ਨੇ 67.83 ਦੀ ਔਸਤ ਨਾਲ 814 ਦੌੜਾਂ ਬਣਾਈਆਂ, ਜਿਸ ਵਿੱਚ ਕਰੀਅਰ ਦੀ ਸਰਵੋਤਮ 206 ਦੌੜਾਂ ਦੀ ਪਾਰੀ ਸਣੇ ਦੋ ਸੈਂਕੜੇ ਸ਼ਾਮਲ ਰਹੇ। ਇੱਕ ਹੋਰ ਖਿਡਾਰੀ ਜਿਸ ’ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ ਉਹ 17 ਸਾਲ ਦਾ ਯਸ਼ਸਵੀ ਜੈਸਵਾਲ ਹੈ। ਜੈਸਵਾਲ ਇਸ ਸਾਲ ਵਿਜੈ ਹਜ਼ਾਰੇ ਟਰਾਫ਼ੀ ਦੌਰਾਨ ਮੁੰਬਈ ਵੱਲੋਂ ਖੇਡਦਿਆਂ ਲਿਸਟ ‘ਏ’ ਕ੍ਰਿਕਟ ਵਿੱਚ ਦੂਹਰਾ ਸੈਂਕੜਾ ਮਾਰਨ ਵਾਲਾ ਸਭ ਤੋਂ ਨੌਜਵਾਨ ਬੱਲੇਬਾਜ਼ ਬਣਿਆ ਸੀ।
ਅੰਡਰ-19 ਵਿਸ਼ਵ ਕੱਪ ਦਾ 13ਵਾਂ ਟੂਰਨਾਮੈਂਟ 16 ਟੀਮਾਂ ਵਿਚਾਲੇ ਖੇਡਿਆ ਜਾਵੇਗਾ, ਜਿਸ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤ ਨੂੰ ਗਰੁੱਪ ‘ਏ’ ਵਿੱਚ ਪਹਿਲੀ ਵਾਰ ਕੁਆਲੀਫਾਈ ਕਰਨ ਵਾਲੇ ਜਾਪਾਨ, ਨਿਊਜ਼ੀਲੈਂਡ ਅਤੇ ਸ੍ਰੀਲੰਕਾ ਨਾਲ ਰੱਖਿਆ ਗਿਆ। ਹਰੇਕ ਗਰੁੱਪ ਵਿੱਚੋਂ ਪਹਿਲੀਆਂ ਦੋ ਟੀਮਾਂ ਸੁਪਰ ਲੀਗ ਗੇੜ ’ਚ ਪਹੁੰਚਣਗੀਆਂ। ਭਾਰਤ ਇਸ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ, ਜਿਸ ਨੇ 2018 ਵਿੱਚ ਪਿਛਲੇ ਖ਼ਿਤਾਬ ਸਣੇ ਕੁੱਲ ਚਾਰ ਟੂਰਨਾਮੈਂਟ ਜਿੱਤੇ ਹਨ।