ਪੋਸ਼ੈਫਸਟਰੂਮ, 7 ਫਰਵਰੀ
ਬੰਗਲਾਦੇਸ਼ ਦੀ ਟੀਮ ਅੱਜ ਇਥੇ ਨਿਊਜ਼ੀਲੈਂਡ ਖ਼ਿਲਾਫ਼ 6 ਵਿਕਟਾਂ ਦੀ ਸ਼ਾਨਦਾਰ ਜਿੱਤ ਦਰਜ ਕਰਦਿਆਂ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਦਾਖ਼ਲ ਹੋ ਗਈ। ਐਤਵਾਰ ਨੂੰ ਖੇਡੇ ਜਾਣ ਵਾਲੇ ਇਸ ਖ਼ਿਤਾਬੀ ਮੁਕਾਬਲੇ ’ਚ ਉਸ ਦਾ ਟਾਕਰਾ ਚਾਰ ਵਾਰ ਦੇ ਚੈਂਪੀਅਨ ਭਾਰਤ ਨਾਲ ਹੋਵੇਗਾ। ਬੰਗਲਾਦੇਸ਼ ਦੀ ਟੀਮ ਪਹਿਲੀ ਵਾਰ ਅੰਡਰ 19 ਵਿਸ਼ਵ ਕੱਪ ਦੇ ਫਾਈਨਲ ਦਾ ਟਿਕਟ ਕਟਾਇਆ ਹੈ। ਦਿਲਚਸਪ ਤੱਥ ਹੈ ਕਿ ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਐਤਕੀਂ ਟੂਰਨਾਮੈਂਟ ਵਿੱਚ ਇਕ ਵੀ ਮੈਚ ਨਹੀਂ ਹਾਰੀਆਂ। ਬੰਗਲਾਦੇਸ਼ੀ ਜਿੱਤ ਵਿੱਚ ਮਹਿਮੁਦੁਲ ਹਸਨ ਜੋਆਏ (100) ਦੇ ਸੈਂਕੜੇ ਦਾ ਅਹਿਮ ਯੋਗਦਾਨ ਰਿਹਾ। 127 ਗੇਂਦਾਂ ’ਤੇ ਲਾਏ ਸੈਂਕੜੇ ਸਦਕਾ ਬੰਗਲਾਦੇਸ਼ ਨੇ ਨਿਊਜ਼ੀਲੈਂਡ ਵੱਲੋਂ ਦਿੱਤੇ 212 ਦੌੜਾਂ ਦੇ ਟੀਚੇ ਨੂੰ 44.1 ਓਵਰਾਂ ਵਿੱਚ ਸਰ ਕਰ ਲਿਆ। ਹਾਲਾਂਕਿ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਸ਼ੁਰੂਆਤ ਕਾਫ਼ੀ ਖਰਾਬ ਰਹੀ ਤੇ ਟੀਮ ਦੇ ਦੋਵੇਂ ਸਲਾਮੀ ਬੱਲੇਬਾਜ਼ ਸਸਤੇ ’ਚ ਤੁਰਦੇ ਬਣੇ। ਜੋਏ ਨੇ ਪਹਿਲਾਂ ਤੌਵੀਦ ਹਰਿਦੋਏ (40) ਤੇ ਮਗਰੋਂ ਸ਼ਾਆਦਤ ਹੁਸੈਨ (ਨਾਬਾਦ 40) ਨਾਲ ਚੌਥੇ ਵਿਕਟ ਲਈ 101 ਦੌੜਾਂ ਦੀ ਭਾਈਵਾਲੀ ਕੀਤੀ। ਮੈਚ ਮਗਰੋਂ ਬੰਗਲਾਦੇਸ਼ੀ ਟੀਮ ਦੇ ਕਪਤਾਨ ਅਕਬਰ ਅਲੀ ਨੇ ਕਿਹਾ ਉਹ ਫਾਈਨਲ ਵਿੱਚ ਭਾਰਤ ਖ਼ਿਲਾਫ਼ ਆਮ ਵਾਂਗ ਖੇਡਣਗੇ। ਉਨ੍ਹਾਂ ਕਿਹਾ, ‘ਅਸੀਂ ਇਹ ਸੋਚ ਕੇ ਦਬਾਅ ਨਹੀਂ ਲੈ ਸਕਦੇ ਕਿ ਇਹ ਸਾਡਾ ਪਲੇਠਾ ਖ਼ਿਤਾਬੀ ਮੁਕਾਬਲਾ ਹੈ।’
ਇਸ ਤੋਂ ਪਹਿਲਾਂ ਬੈਕਹਮ ਵ੍ਹੀਲਰ-ਗ੍ਰੀਨਵਾਲ ਦੇ ਨਾਬਾਦ ਨੀਮ ਸੈਂਕੜੇ ਦੀ ਬਦੌਲਤ ਨਿਊਜ਼ੀਲੈਡ ਦੀ ਟੀਮ ਬੰਗਲਾਦੇਸ਼ ਖ਼ਿਲਾਫ਼ ਅੱਠ ਵਿਕਟਾਂ ਦੇ ਨੁਕਸਾਨ ਨਾਲ 211 ਦੌੜਾਂ ਬਣਾਈਆਂ। ਗ੍ਰੀਨਵਾਲ ਨਾਬਾਦ 75 ਦੌੜਾਂ ਨਾਲ ਆਪਣੀ ਟੀਮ ਦਾ ਸਿਖਰਲਾ ਸਕੋਰਰ ਰਿਹਾ। ਉਸ ਨੇ 83 ਗੇਂਦਾਂ ਖੇਡਦਿਆਂ ਪੰਜ ਚੌਕੇ ਤੇ ਦੋ ਛੱਕੇ ਜੜੇ। ਟੀਮ ਦੇ ਹੋਰਨਾਂ ਬੱਲੇਬਾਜ਼ਾਂ ’ਚੋਂ ਨਿਕੋਲਸ ਲਿਡਸਟੋਨ ਨੇ 74 ਗੇਂਦਾਂ ਵਿੱਚ ਦੋ ਚੌਕਿਆਂ ਨਾਲ 44 ਦੌੜਾਂ ਬਣਾ ਕੇ ਟੀਮ ਸਕੋਰ ਵਿੱਚ ਅਹਿਮ ਯੋਗਦਾਨ ਪਾਇਆ।
ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਨਿਊਜ਼ੀਲੈਂਡ ਦੀ ਸ਼ੁਰੂਆਤ ਕੋਈ ਬਹੁਤੀ ਚੰਗੀ ਨਹੀਂ ਰਹੀ। ਟੀਮ ਨੇ ਆਪਣਾ ਪਹਿਲਾ ਵਿਕਟ ਦੂਜੇ ਹੀ ਓਵਰ ਵਿੱਚ ਗੁਆ ਲਿਆ। ਇਸ ਮਗਰੋਂ ਨਿਯਮਤ ਵਕਫ਼ੇ ਨਾਲ ਵਿਕਟ ਡਿੱਗਦੇ ਗਏ, ਜਿਸ ਕਰਕੇ ਕੋਈ ਵੱਡੀ ਭਾਈਵਾਲੀ ਨਹੀਂ ਬਣ ਸਕੀ। ਹੋਰਨਾਂ ਬੱਲੇਬਾਜ਼ਾਂ ਵਿੱਚੋਂ ਐੱਫ.ਐੱਫ਼ ਲੈੱਲਮੈਨ ਨੇ 24 ਤੇ ਓ.ਜੇ. ਵ੍ਹਾਈਟ ਨੇ 18 ਦੌੜਾਂ ਦਾ ਯੋਗਦਾਨ ਪਾਇਆ। ਬੰਗਲਾਦੇਸ਼ ਲਈ ਸ਼ੋਰੀਫੁਲ ਇਸਲਾਮ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 10 ਓਵਰਾਂ ਵਿੱਚ 45 ਦੌੜਾਂ ਬਦਲੇ ਤਿੰਨ ਵਿਕਟਾਂ ਲਈਆਂ।