ਨਵੀਂ ਦਿੱਲੀ:
ਭਾਰਤੀ ਰਾਸ਼ਟਰੀ ਰਾਈਫਲ ਐਸੋਸੀਏਸ਼ਨ ਨੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਅੱਜ ਡਬਲ ਟਰੈਪ ਵਿਸ਼ਵ ਚੈਂਪੀਅਨ ਅੰਕੁਰ ਮਿੱਤਲ ਅਤੇ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਅੰਜੁਮ ਮੌਦਗਿਲ ਦੀ ਸਿਫਾਰਸ਼ ਕੀਤੀ ਹੈ। ਮਿੱਤਲ ਨੇ 2018 ਵਿੱਚ ਡਬਲ ਟਰੈਪ ਵਿਸ਼ਵ ਖਿਤਾਬ ਜਿੱਤਿਆ ਸੀ ਅਤੇ ਇਸੇ ਸਾਲ ਉਸ ਨੂੰ ਅਰਜੁਨ ਐਵਾਰਡ ਵੀ ਮਿਲਿਆ ਸੀ।
ਅੰਜੁਮ 2018 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤ ਚੁੱਕੀ ਹੈ ਅਤੇ ਉਸ ਨੂੰ 2019 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਿਆ ਗਿਆ ਸੀ। ਇਸ ਸਾਲ ਅਰਜੁਨ ਐਵਾਰਡ ਲਈ ਇਲੈਵੇਨਿਲ ਵਲਾਰਿਵਾਨ ਅਤੇ ਅਭਿਸ਼ੇਕ ਵਰਮਾ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਭਾਰਤੀ ਟੇਬਲ ਟੈਨਿਸ ਫੈਡਰੇਸ਼ਨ ਨੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਅਚਿੰਤ ਸ਼ਰਤ ਕਮਲ ਦੀ ਸਿਫਾਰਸ਼ ਕੀਤੀ ਹੈ। ਇਸ ਵਾਰ ਦੇਸ਼ ਲਈ ਚੌਥੀ ਵਾਰ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਸ਼ਰਤ ਕਮਲ ਨੂੰ 2019 ਵਿੱਚ ਪਦਮਸ੍ਰੀ ਐਵਾਰਡ ਨਾਲ ਸਨਮਾਨਿਆ ਗਿਆ ਸੀ। ਸਤੁਰਥਾ ਮੁਖਰਜੀ, ਅਯਹਿਕਾ ਮੁਖਰਜੀ ਤੇ ਮਾਨਵ ਠੱਕਰ ਨੂੰ ਅਰਜੁਨ ਐਵਾਰਡ ਅਤੇ ਸੌਮਿਆਦੀਪ ਰਾਏ ਨੂੰ ਦਰੋਣਾਚਾਰੀਆ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।
ਆਲ ਇੰਡੀਆ ਭਾਰਤੀ ਫੁਟਬਾਲ ਫੈਡਰੇਨਸ਼ ਨੇ ਕਪਤਾਨ ਸੁਨੀਲ ਛੇਤਰੀ ਦਾ ਨਾਂ ਖੇਡ ਰਤਨ, ਮਹਿਲਾ ਖਿਡਾਰਨ ਬਾਲਾ ਦੇਵੀ ਦਾ ਨਾਂ ਅਰਜੁਨ ਐਵਾਰਡ ਅਤੇ ਗੈਬਰੀਅਲ ਜੋਸਫ ਦਾ ਨਾਂ ਦਰੋਣਾਚਾਰੀਆ ਐਵਾਰਡ ਲਈ ਨਾਮਜ਼ਦ ਕੀਤਾ ਹੈ। ਇਸੇ ਤਰ੍ਹਾਂ ਭਾਰਤੀ ਅਥਲੈਟਿਕ ਫੈਡਰੇਸ਼ਨ ਨੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੀ ਖੇਡ ਰਤਨ ਲਈ ਸਿਫਾਰਸ਼ ਕੀਤੀ ਹੈ। ਭਾਰਤੀ ਗੋਲਫ ਯੂਨੀਅਨ ਨੇ ਦੋ ਵਾਰ ਦੇ ਯੂਰਪੀ ਟੂਰ ਜੇਤੂ ਸ਼ੁਭਾਂਕਰ ਸ਼ਰਮਾ ਦੀ ਰਾਜੀਵ ਗਾਂਧੀ ਖੇਡ ਰਤਨ ਅਤੇ ਉਦਾਯਾਨ ਮਾਨੇ, ਰਾਸ਼ਿਦ ਖਾਨ ਅਤੇ ਦਿਕਸ਼ਾ ਡਾਗਰ ਦਾ ਨਾਂ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਹੈ। ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਨੇ ਵਿਸ਼ਵ ਕੱਪ ਵਿੱਚ ਤਿੰਨ ਚਾਂਦੀ ਦੇ ਤਗਮੇ ਜਿੱਤਣ ਵਾਲੀ ਜੋਤੀ ਕੁਮਾਰੀ ਦੀ ਖੇਡ ਰਤਨ, ਕੋਚ ਲਿੰਬਾ ਰਾਮ ਤੇ ਲੋਕੇਸ਼ ਚੰਦ ਪਾਲ ਦੀ ਦਰੋਣਾਚਾਰੀਆ ਐਵਾਰਡ ਅਤੇ ਮੁਸਕਾਨ ਕਿਰਾਰ ਦੀ ਅਰਜੁਨ ਐਵਾਰਡ ਲਈ ਸਿਫਾਰਸ਼ ਕੀਤੀ ਹੈ।