ਲੇਹ, 19 ਅਗਸਤ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਭਾਰਤ ਵਿੱਚ ਆਜ਼ਾਦੀ ਦੀ ਨੀਂਹ ਭਾਰਤ ਦਾ ਸੰਵਿਧਾਨ ਹੈ।
ਉਨ੍ਹਾਂ ਦੋਸ਼ ਲਗਾਏ ਕਿ ਭਾਜਪਾ ਤੇ ਆਰਐੱਸਐੱਸ ਨੇ ਮੁੱਖ ਅਦਾਰਿਆਂ ਵਿੱਚ ਆਪਣੇ ਹੀ ਲੋਕ ਬਿਠਾਏ ਹੋਏ ਹਨ। ਇੱਥੇ ਨੌਜਵਾਨਾਂ ਨਾਲ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ, ‘‘ਭਾਰਤ ਨੂੰ ਆਜ਼ਾਦੀ 1947 ਵਿੱਚ ਮਿਲੀ ਸੀ ਅਤੇ ਭਾਰਤ ਦੀ ਆਜ਼ਾਦੀ ਦੀ ਨੀਂਹ ਦੇਸ਼ ਦਾ ਸੰਵਿਧਾਨ ਹੈ।’’ ਉਨ੍ਹਾਂ ਕਿਹਾ, ‘‘ਸੰਵਿਧਾਨ ਦੇ ਕੁਝ ਨਿਯਮ ਹਨ। ਸੰਵਿਧਾਨ ਦੇ ਦ੍ਰਿਸ਼ਟੀਕੋਣ ਦੀ ਹਮਾਇਤ ਕਰਨ ਵਾਲੀਆਂ ਸੰਸਥਾਵਾਂ ਦੀ ਸਥਾਪਨਾ ਨਾਲ ਹੀ ਸੰਵਿਧਾਨ ਨੂੰ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ। ਲੋਕ ਸਭਾ, ਰਾਜ ਸਭਾ, ਯੋਜਨਾ ਕਮਿਸ਼ਨ, ਹਥਿਆਰਬੰਦ ਬਲ ਹੀ ਇਹ ਸਾਰੇ ਤੱਤ ਹਨ। ਹੁਣ ਕੀ ਹੋ ਰਿਹਾ ਹੈ…ਜਦੋਂ ਤੁਸੀਂ ਸੰਵਿਧਾਨ ’ਤੇ ਸਿੱਧੇ ਹਮਲੇ ਕਰਦੇ ਹੋ? ਹੁਣ ਭਾਜਪਾ ਤੇ ਆਰਐੱਸਐੱਸ ਕੀ ਕਰ ਰਹੀਆਂ ਹਨ। ਉਹ ਦੇਸ਼ ਦੇ ਮੁੱਖ ਅਦਾਰਿਆਂ ’ਤੇ ਆਪਣੇ ਲੋਕਾਂ ਨੂੰ ਬਿਠਾ ਰਹੀਆਂ ਹਨ।’’ ਉਹ ਆਪਣੇ ਲੋਕਾਂ ਨੂੰ ਅਹਿਮ ਅਦਾਰਿਆਂ ’ਚ ਬਿਠਾ ਦੇਣਗੇ। ਉਦਹਾਰਨ ਵਜੋਂ, ਜੇਕਰ ਤੁਸੀਂ ਸਰਕਾਰ ਦੇ ਮੰਤਰੀਆਂ ਕੋਲ ਜਾਂਦੇ ਹੋ ਅਤੇ ਪੁੱਛਦੇ ਹੋ ਕਿ ਕੀ ਅਸਲ ਵਿੱਚ ਤੁਸੀਂ ਹੀ ਮੰਤਰਾਲੇ ’ਚ ਫੈਸਲੇ ਲੈ ਰਹੇ ਹੋ ਤਾਂ ਉਹ ਤੁਹਾਨੂੰ ਦੱਸਣਗੇ ਕਿ ਆਰਐੱਸਐੱਸ ਤੋਂ ਇਕ ਓਐੱਸਡੀ ਹੈ, ਜਿਸ ਦੇ ਨਾਲ ਮਿਲ ਕੇ ਸਾਨੂੰ ਕੰਮ ਕਰਨਾ ਹੈ ਅਤੇ ਇਹ ਫੈਸਲਾ ਲੈਣਾ ਹੈ ਕਿ ਸਾਡੇ ਮੰਤਰਾਲੇ ਵਿੱਚ ਕੀ ਹੋਣਾ ਹੈ।’’ ਇਸ ਤੋਂ ਪਹਿਲਾਂ ਦਿਨ ਵੇਲੇ ਰਾਹੁਲ ਗਾਂਧੀ ਨੇ ਲੇਹ ਵਿੱਚ ਫੁਟਬਾਲ ਮੈਚ ਦਾ ਆਨੰਦ ਮਾਣਿਆ ਤੇ ਲੋਕਾਂ ਦੇ ਰੂਬਰੂ ਹੋਏ। ਪਾਰਟੀ ਆਗੂਆਂ ਮੁਤਾਬਕ ਰਾਹੁਲ ਗਾਂਧੀ 25 ਅਗਸਤ ਤੱਕ ਲੱਦਾਖ ਵਿੱਚ ਰਹਿਣਗੇ।