ਅਹਿਮਦਾਬਾਦ, 9 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟਰੇਲਿਆਈ ਹਮਰੁਤਬਾ ਐਂਥਨੀ ਅਲਬਨੀਜ਼ ਭਾਰਤ ਅਤੇ ਆਸਟਰੇਲੀਆ ਵਿਚਾਲੇ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਸਵੇਰੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਪਹੁੰਚੇ ਅਤੇ ਦੋਵਾਂ ਨੇ ਗੋਲਫ ਕਾਰਟ (ਗੋਲਫ ਖਿਡਾਰੀਆਂ ਨੂੰ ਗੋਲਫ ਕੋਰਸ ਤੱਕ ਲੈ ਜਾਣ ਵਾਲਾ ਵਾਹਨ) ’ਚ ਸਟੇਡੀਅਮ ਦਾ ਗੇੜਾ ਮਾਰਿਆ।
ਸ੍ਰੀ ਮੋਦੀ ਅਤੇ ਸ੍ਰੀ ਅਲਬਨੀਜ਼ ਨੇ ਕ੍ਰਮਵਾਰ ਆਪਣੇ ਦੇਸ਼ ਦੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸਟੀਵ ਸਮਿਥ ਨੂੰ ਟੈਸਟ ਕੈਪਸ ਸੌਂਪੀਆਂ। ਗੋਲਫ ਕਾਰਟ ‘ਤੇ ਪਹੁੰਚੇ ਮੋਦੀ ਅਤੇ ਅਲਬਨੀਜ਼ ਦਾ ਟੈਸਟ ਮੈਚ ਦੇਖਣ ਲਈ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ‘ਚ ਪਹੁੰਚੇ ਹਜ਼ਾਰਾਂ ਕ੍ਰਿਕਟ ਪ੍ਰਸ਼ੰਸਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਸ੍ਰੀ ਮੋਦੀ ਅਤੇ ਸ੍ਰੀ ਅਲਬਨੀਜ਼ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਅਤੇ ਆਸਟਰੇਲੀਆ ਦੇ ਰਾਸ਼ਟਰੀ ਗੀਤਾਂ ਸਮੇਂ ਉਹ ਖਿਡਾਰੀਆਂ ਦੇ ਨਾਲ ਖੜੇ ਹੋਏ। ਦੋਵਾਂ ਪ੍ਰਧਾਨ ਮੰਤਰੀਆਂ ਨੇ ਨਰਿੰਦਰ ਮੋਦੀ ਸਟੇਡੀਅਮ ‘ਚ ‘ਹਾਲ ਆਫ ਫੇਮ ਮਿਊਜ਼ੀਅਮ’ ਦਾ ਵੀ ਦੌਰਾ ਕੀਤਾ।