ਨਵੀਂ ਦਿੱਲੀ, 28 ਜਨਵਰੀ
ਇੰਡੀਅਨ ਪ੍ਰੀਮੀਅਰ ਲੀਗ ਨੂੰ ਚਲਾਉਣ ਵਾਲੀ ਕੌਂਸਲ ਨੇ ਅੱਜ ਫ਼ੈਸਲਾ ਕੀਤਾ ਹੈ ਕਿ ਫਾਈਨਲ ਮੈਚ 24 ਮਈ ਨੂੰ ਮੁੰਬਈ ਵਿੱਚ ਖੇਡਿਆ ਜਾਵੇਗਾ ਅਤੇ ਲੀਗ ਦੇ ਸਾਰੇ ਮੈਚ ਸਾਢੇ ਸੱਤ ਨਹੀਂ, ਸਗੋਂ ਪਹਿਲਾਂ ਵਾਂਗ ਰਾਤ ਅੱਠ ਵਜੇ ਤੋਂ ਹੀ ਸ਼ੁਰੂ ਹੋਣਗੇ।
ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇਹ ਵੀ ਕਿਹਾ ਕਿ ਆਈਪੀਐੱਲ ਫਾਈਨਲ ਮੁਕਾਬਲਾ ਅਹਿਮਦਾਬਾਦ ਵਿੱਚ ਨਹੀਂ, ਸਗੋਂ ਮੁੰਬਈ ਵਿੱਚ ਖੇਡਿਆ ਜਾਵੇਗਾ। ਗਾਂਗੁਲੀ ਨੇ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਕਿਹਾ, ‘‘ਆਈਪੀਅੇੱਲ ਦੇ ਰਾਤ ਦੇ ਮੈਚਾਂ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਪਹਿਲਾਂ ਵਾਂਗ ਹੀ ਇਹ ਰਾਤ ਅੱਠ ਵਜੇ ਸ਼ੁਰੂ ਹੋਣਗੇ। ਸਾਢੇ ਸੱਤ ਵਜੇ ਮੈਚ ਕਰਵਾਉਣ ਬਾਰੇ ਗੱਲ ਹੋਈ ਪਰ ਅਜਿਹਾ ਨਹੀਂ ਹੋਣ ਜਾ ਰਿਹਾ।’’ ਉਸ ਨੇ ਕਿਹਾ, ‘‘ਇਸ ਵਾਰ ਸਿਰਫ਼ ਪੰਜ ਹੀ ਮੈਚ ਡਬਲ ਹੈੱਡਰ (ਸ਼ਾਮ ਚਾਰ ਅਤੇ ਰਾਤ ਅੱਠ ਵਜੇ ਤੋਂ) ਹੋਣਗੇ। ਫਾਈਨਲ ਮੁੰਬਈ ਵਿੱਚ ਖੇਡਿਆ ਜਾਵੇਗਾ।’’
ਸੱਟ ਲੱਗਣ ’ਤੇ ਬਦਲਵੇਂ ਖਿਡਾਰੀ ਅਤੇ ‘ਤੀਜਾ ਅੰਪਾਇਰ ਨੋ-ਬਾਲ’ ਵੀ ਪਹਿਲੀ ਵਾਰ ਆਈਪੀਐੱਲ ਸ਼ੁਰੂ ਕੀਤਾ ਜਾਵੇਗਾ। ਬੀਤੇ ਕੁੱਝ ਸਾਲਾਂ ਦੌਰਾਨ ਕ੍ਰਿਕਟਰਾਂ ਦੇ ਬੱਲੇਬਾਜ਼ੀ ਕਰਨ ਸਮੇਂ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਵਧੀਆਂ ਹਨ। ਬੀਤੇ ਸਾਲ ਟੈਸਟ ਕ੍ਰਿਕਟ ਵਿੱਚ ਵੀ ਇਸ ਨਾਲ ਜੁੜੇ ਨਿਯਮ ਲਾਗੂ ਕੀਤੇ ਗਏ। ਐਸ਼ੇਜ਼ ਟੈਸਟ ਦੇ ਪੰਜਵੇਂ ਦਿਨ ਇਸੇ ਨਿਯਮ ਤਹਿਤ ਮਾਰਨਸ ਲਾਬੂਸ਼ਾਨੇ ਨੂੰ ਸਟੀਵ ਸਮਿੱਥ ਦੀ ਥਾਂ ਆਸਟਰੇਲਿਆਈ ਟੀਮ ਵਿੱਚ ਉਤਾਰਿਆ ਗਿਆ। ਹੁਣ ਮੈਦਾਨੀ ਅੰਪਾਇਰਾਂ ਦੀ ਥਾਂ ਨੋ-ਬਾਲ ਬਾਰੇ ਫ਼ੈਸਲਾ ਤੀਜਾ ਅੰਪਾਇਰ ਕਰੇਗਾ। ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਲੜੀ ਦੌਰਾਨ ਇਹ ਤਜਰਬਾ ਕੀਤਾ ਗਿਆ ਸੀ। ਬੀਸੀਸੀਆਈ ਇੱਕ ਚੈਰਿਟੀ ਲਈ ਆਈਪੀਐੱਲ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਕੌਮਾਂਤਰੀ ਖਿਡਾਰੀਆਂ ਵਿਚਾਲੇ ਇੱਕ ‘ਆਲ ਸਟਾਰ ਮੈਚ’ ਕਰਵਾਏਗਾ।
ਗਾਂਗੁਲੀ ਨੇ ਕਿਹਾ, ‘‘ਇਹ ਆਈਪੀਐੱਲ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ ਆਈਪੀਐੱਲ ਆਲ ਸਟਾਰ ਮੈਚ ਹੋਵੇਗਾ। ਇਹ ਮੈਚ ਅਹਿਮਦਾਬਾਦ ਵਿੱਚ ਨਹੀਂ ਹੋਵੇਗਾ ਕਿਉਂਕਿ ਅਜੇ ਉਹ ਸਟੇਡੀਅਮ ਤਿਆਰ ਨਹੀਂ ਹੈ। ਅਸੀਂ ਅਜੇ ਤੈਅ ਨਹੀਂ ਕੀਤਾ ਕਿ ਚੈਰਿਟ ਕਿੱਥੇ ਕਰਵਾਈ ਜਾਵੇਗੀ।’’ ਕੌਮੀ ਕ੍ਰਿਕਟ ਅਕੈਡਮੀ ਦੇ ਪ੍ਰਮੁੱਖ ਰਾਹੁਲ ਦ੍ਰਾਵਿੜ ਨਾਲ ਮੀਟਿੰਗ ਬਾਰੇ ਪੁੱਛਣ ’ਤੇ ਗਾਂਗੁਲੀ ਨੇ ਕਿਹਾ ਕਿ ਇਸ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਹੈ। ਉਸ ਨੇ ਕਿਹਾ, ‘‘ਅਸੀਂ ਐੱਨਸੀਏ ’ਚ ਆਹਾਰ ਮਾਹਿਰ ਅਤੇ ਬਾਇਓਮਕੈਨਿਕਸ ਗੇਂਦਬਾਜ਼ੀ ਕੋਚ ਨਿਯੁਕਤ ਕਰਾਂਗੇ।’’