ਮੁੱਖ ਮੰਤਰੀ ਭਗਵੰਤ ਮਾਨ ਅੱਜ (ਮੰਗਲਵਾਰ) ਅੰਮ੍ਰਿਤਸਰ ਪਹੁੰਚੇ। ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਕੀਆਂ ਮਿਲਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਇਸ ਦੌਰਾਨ ਸੀ.ਐੱਮ. ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸੁਰੱਖਿਆ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਸੀ.ਐੱਮ. ਮਾਨ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਕੁਝ ਧਮਕੀ ਭਰੇ ਈਮੇਲ ਮਿਲ ਰਹੇ ਹਨ। ਕੁਝ ਮੇਲ ਮੇਰੇ ਨਾਂ ‘ਤੇ ਵੀ ਆਈ ਹੋਈ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਸੀਨੀਅਰ ਮੈਂਬਰ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਕੀ ਕੰਟੈਂਟ ਸੀ, ਪਹਿਲਾਂ ਮਿਲੇ ਕੰਟੈਂਟ ਨਾਲ ਮੈਚ ਕੀਤਾ। ਪਤਾ ਕਰ ਰਹੇ ਹਾਂ ਕਿ ਮੇਲ ਕਿੱਥੋਂ ਆਈ ਹੈ। ਸਾਰੇ ਆਈਪੀ ਐਡਰੈੱਸ ਮਿਲ ਗਏ ਹਨ। ਅਸੀਂ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਕੁਤਾਹੀ ਨਹੀਂ ਕਰ ਸਕਦੇ, ਜਿਥੇ ਸਾਰੀ ਦੁਨੀਆ ਦੇ ਲੋਕ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨ ਆਉਂਦੇ ਨੇ। ਅਸੀਂ ਸ਼ਰਾਰਤੀ ਅਨਸਰਾਂ ਦੇ ਨੇੜੇ ਆ ਪਹੁੰਚ ਚੁੱਕੇ ਹਾਂ। ਮੈਂ ਇਸ ਤੋਂ ਵੱਧ ਨਹੀਂ ਦੱਸ ਸਕਦਾ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਅੰਮ੍ਰਿਤਸਰ ਸ਼ਹਿਰ ਦੀ ਵੀ ਸੁਰੱਖਿਆ ਵਧਾਈ ਜਾਵੇਗੀ। ਸੁਰੱਖਿਆ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਸਿਵਲ ਡ੍ਰੈੱਸ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਜਲਦੀ ਹੀ ਲੋਕਾਂ ਨੂੰ ਸੁੱਖ ਸੁਨੇਹਾ ਦੇਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਸਾਨੂੰ ਦੋਸ਼ੀਆਂ ਲਈ ਜਾਣਾ ਪਵੇਗਾ, ਅਸੀਂ ਉੱਥੇ ਜਾਵਾਂਗੇ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਵਾਂਗੇ ਅਤੇ ਪਤਾ ਲਗਾਵਾਂਗੇ ਕਿ ਉਨ੍ਹਾਂ ਦੇ ਪਿੱਛੇ ਕੌਣ ਹੈ। ਉਸ ਸਮੇਂ ਅਸੀਂ ਇਸ ਤਰ੍ਹਾਂ ਖੜ੍ਹੇ ਨਹੀਂ ਬੈਠ ਕੇ ਹਰ ਚੀਜ਼ ਬਾਰੇ ਗੱਲ ਕਰਾਂਗੇ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਕਿ ਕੁਝ ਸਮੇਂ ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਲਗਾਤਾਰ ਧਮਕੀ ਭਰੇ ਈਮੇਲ ਆ ਰਹੇ ਹਨ। ਮੁੱਖ ਮੰਤਰੀ ਆਏ ਸਨ, ਮੈਂ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ ਪਹਿਲਾਂ ਆਉਣਾ ਚਾਹੀਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵਿਧਾਨ ਸਭਾ ਦਾ ਸੈਸ਼ਨ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕੀਤੀ ਜਾਵੇਗੀ। ਹਾਲਾਂਕਿ, ਅੱਜ ਸ਼ਤਾਬਦੀ ਸਮਾਗਮਾਂ ਬਾਰੇ ਕੋਈ ਗੱਲ ਨਹੀਂ ਹੋਈ ਹੈ।