ਪਟਨਾ, 19 ਸਤੰਬਰ
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਪਹਿਲਾਂ ਕਰਵਾਉਣ ਦਾ ਦਾਅਵਾ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ‘ਅਸੀਂ ਹਰ ਵੇਲੇ ਤਿਆਰ ਹਾਂ।’ ਭਾਜਪਾ ਨਾਲੋਂ ਇੱਕ ਸਾਲ ਪਹਿਲਾਂ ਨਾਤਾ ਤੋੜਨ ਅਤੇ ਇੰਡੀਆ ਗੱਠਜੋੜ ਲਈ ਵਿਰੋਧੀ ਧਿਰਾਂ ਨੂੰ ਇਕੱਠੇ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਨਤਾ ਦਲ ਯੂਨਾਈਟਿਡ ਦੇ ਨੇਤਾ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਬਹੁ-ਪਾਰਟੀ ਗੱਠਜੋੜ ਬਰਕਰਾਰ ਹੈ, ਜਿਸ ਕਾਰਨ ਉਨ੍ਹਾਂ ਨੂੰ ਕੋਈ ਫਿਕਰ ਨਹੀਂ ਹੈ। ਨਿਤੀਸ਼ ਨੇ ਇੱਥੇ ਕੇਂਦਰ ਵੱਲੋਂ ਜਲਦੀ ਚੋਣਾਂ ਕਰਵਾਉਣ ਦੀ ਸੰਭਾਵਨਾ ਸਬੰਧੀ ਪੱਤਰਕਾਰਾਂ ਦੇ ਸੁਆਲ ਦਾ ਜੁਆਬ ਦਿੰਦਿਆਂ ਕਿਹਾ, ‘‘ਕੇਂਦਰ ਦੀ ਐੱਨਡੀਏ ਸਰਕਾਰ ਜਲਦੀ ਲੋਕ ਸਭਾ ਚੋਣਾਂ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਅਸੀਂ ਹਰ ਵੇਲੇ ਤਿਆਰ ਹਾਂ। ਉਨ੍ਹਾਂ ਨੂੰ ਜਲਦੀ ਚੋਣਾਂ ਕਰਵਾਉਣ ਦਿਓ।’’ ਉਨ੍ਹਾਂ ਕਿਹਾ, ‘‘ਅਸੀਂ ਇੱਕਜੁੱਟ ਹਾਂ ਅਤੇ ਗੱਠਜੋੜ ਬਰਕਰਾਰ ਹੈ। ਅਸੀਂ ਲੋਕਾਂ ਲਈ ਕੰਮ ਕਰਦੇ ਹਾਂ ਅਤੇ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਅਸੀਂ ਬਿਹਾਰ ਵਿੱਚ ਵਿਕਾਸ ਦੇ ਬਹੁਤ ਕੰਮ ਕੀਤੇ ਹਨ। ਆਖ਼ਰੀ ਫ਼ੈਸਲਾ ਵੋਟਰ ਕਰਨਗੇ।’’ ਇਸ ਮੌਕੇ ਮੌਜੂਦ ਉੱਪ ਮੁੱਖ ਮੰਤਰੀ ਤੇਜੱਸਵੀ ਪ੍ਰਸਾਦ ਯਾਦਵ ਨੇ ਕਿਹਾ, ‘‘ਅਸੀਂ ਇਕਜੁੱਟ ਹਾਂ ਅਤੇ ਆਉਣ ਵਾਲੀਆਂ ਚੋਣਾਂ ਇਕੱਠਿਆਂ ਲੜਾਂਗੇ।’’ ਨਿਤੀਸ਼ ਨੇ ਕਿਹਾ ਕਿ ਮੀਡੀਆ ਨੂੰ ਮੌਜੂਦਾ ਵਿਵਸਥਾ ਅਧੀਨ ਜਕੜਿਆ ਗਿਆ ਹੈ ਅਤੇ ਸ਼ਾਸਨ ਵਿੱਚ ਤਬਦੀਲੀ ਪੱਤਰਕਾਰ ਭਾਈਚਾਰੇ ਲਈ ‘ਮੁਕਤੀ’ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਕਿਹਾ, ‘‘ਕੇਂਦਰ ਵਿੱਚ ਸਰਕਾਰ ਬਦਲਣ ਦਿਓ, ਤੁਹਾਨੂੰ (ਪੱਤਰਕਾਰ) ਲੋਕਾਂ ਨੂੰ ‘ਮੁਕਤੀ’ ਮਿਲੇਗੀ। ਇਸ ਸਮੇਂ ਮੀਡੀਆ ’ਤੇ ਕੇਂਦਰ ਸਰਕਾਰ ਦਾ ਕੰਟਰੋਲ ਹੈ। ਮੈਂ ਪੱਤਰਕਾਰਾਂ ਦੇ ਸਮਰਥਨ ਵਿੱਚ ਹਾਂ। ਜਦੋਂ ਸਾਰਿਆਂ ਨੂੰ ਆਜ਼ਾਦੀ ਮਿਲੇਗੀ ਤਾਂ ਪੱਤਰਕਾਰ ਉਹ ਲਿਖਣਗੇ, ਜੋ ਉਹ ਪਸੰਦ ਕਰਦੇ ਹਨ।’’