ਨਵੀਂ ਦਿੱਲੀ/ਬੰਗਲੂਰੂ, 24 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਦੀ ਚੰਦਰਮਾ ’ਤੇ ਸਫ਼ਲ ਲੈਂਡਿੰਗ ਨੂੰ ਇਤਿਹਾਸਕ ਪਲ ਕਰਾਰ ਦਿੰਦਿਆਂ ਦੇਸ਼ ਨੂੰ ਵਧਾਈ ਦਿੱਤੀ ਹੈ। ਚੰਦਰਯਾਨ ਦੀ ਸਾਫ਼ਟ ਲੈਂਡਿੰਗ ਦੇਖਣ ਲਈ ਵੀਡੀਓ ਕਾਨਫਰੰਸਿੰਗ ਜ਼ਰੀਏ ਇਸਰੋ ਦੇ ਵਿਗਿਆਨੀਆਂ ਨਾਲ ਜੁੜੇ ਪ੍ਰਧਾਨ ਮੰਤਰੀ ਨੇ ਕਿਹਾ ਕਿ ੲਿਸ ਪ੍ਰਾਪਤੀ ਨੇ ਵਿਕਸਤ ਭਾਰਤ ਦਾ ਬਿਗੁਲ ਵਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਚੰਨ ’ਤੇ ਪਹੁੰਚ ਗਿਆ ਹੈ ਤੇ ਇਹ ਸਫ਼ਲਤਾ ਸਮੁੱਚੀ ਮਾਨਵਤਾ ਦੀ ਹੈ।

ਜੌਹੈੱਨਸਬਰਗ ਤੋਂ ਇਸਰੋ ਵਿਗਿਆਨੀਆਂ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ‘ਧਰਤੀ ’ਤੇ ਪ੍ਰਣ ਕੀਤਾ ਸੀ ਤੇ ਇਸ ਨੂੰ ਪੂਰਾ ਚੰਨ ’ਤੇ ਕੀਤਾ।’’ ਉਨ੍ਹਾਂ ਕਿਹਾ, ‘‘ਇਹ ਸਦਾ ਲਈ ਖੁਸ਼ੀ ਮਨਾਉਣ ਦਾ ਪਲ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਹੁਣ ਚੰਨ ’ਤੇ ਪਹੁੰਚ ਗਿਆ ਹੈ ਤੇ ਹੁਣ ‘ਚੰਦਰ ਪਥ’ ਉੱਤੇ ਤੁਰਨ ਦਾ ਵੇਲਾ ਹੈ।’’ ਸ੍ਰੀ ਮੋਦੀ ਨੇ ਕਿਹਾ, ‘‘ਅਸੀਂ ਨਵੇਂ ਭਾਰਤ ਦੀ ਨਵੀਂ ਉਡਾਣ ਦੇ ਗਵਾਹ ਬਣੇ ਹਾਂ। ਨਵਾਂ ਇਤਿਹਾਸ ਲਿਖਿਆ ਗਿਆ ਹੈ।’’ ਉਨ੍ਹਾਂ ਕਿਹਾ, ‘‘ਭਾਰਤ ਦਾ ਸਫ਼ਲ ਮੂਨ ਮਿਸ਼ਨ ਇਕੱਲੇ ਭਾਰਤ ਦਾ ਨਹੀਂ…ੲਿਕ ਧਰਤੀ ਇਕ ਪਰਿਵਾਰ ਇਕ ਭਵਿੱਖ ਦੀ ਸਾਡੀ ਪਹੁੰਚ ਦੀ ਅੱਜ ਪੂਰੇ ਵਿਸ਼ਵ ਵਿੱਚ ਗੂੰਜ ਸੁਣਾਈ ਦੇ ਰਹੀ ਹੈ…ਮੂਨ ਮਿਸ਼ਨ ਮਾਨਵਤਾ ’ਤੇ ਕੇਂਦਰਤ ਇਸੇ ਪਹੁੰਚ ’ਤੇ ਅਧਾਰਿਤ ਹੈ। ਲਿਹਾਜ਼ਾ, ਇਹ ਸਫ਼ਲਤਾ ਸਕੁੱਚੀ ਮਾਨਵਤਾ ਦੀ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਇਹ ਵੱਡੀ ਸਫ਼ਲਤਾ ਭਾਰਤ ਦੀ ਜੀ-20 ਦੀ ਪ੍ਰਧਾਨਗੀ ਮੌਕੇ ਮਿਲੀ ਹੈ। ਦੱਸ ਦੇਈਏ ਕਿ ਸ੍ਰੀ ਮੋਦੀ, ਜੋ ਬਰਿਕਸ ਸਿਖਰ ਵਾਰਤਾ ਲਈ ਦੱਖਣੀ ਅਫਰੀਕਾ ਦੇ ਸਰਕਾਰੀ ਦੌਰੇ ’ਤੇ ਹਨ, ੲਿਸਰੋ ਦੇ ਟੈਲੀਮੀਟਰੀ, ਟਰੈਕਿੰਗ ਤੇ ਕਮਾਂਡ ਨੈੱਟਵਰਕ (ਇਸਟਰੈਕ) ਵਿੱਚ ਇਕੱਠੇ ਹੋਏ ਵਿਗਿਆਨੀਆਂ ਨਾਲ ਵਰਚੁਅਲੀ ਇਸ ਇਤਿਹਾਸਕ ਪਲ ਦੇ ਗਵਾਹ ਬਣੇ। ਚੰਦਰਯਾਨ-3 ਨੇ ਜਿਵੇਂ ਹੀ ਚੰਨ ਦੀ ਸਤਹਿ ਨੂੰ ਛੂਹਿਆ, ਸ੍ਰੀ ਮੋਦੀ ਨੇ ਤਿਰੰਗਾ ਝੰਡਾ ਲਹਿਰਾਇਆ। ਪ੍ਰਧਾਨ ਮੰਤਰੀ ਨੇ ਕਿਹਾ, ‘‘ਬਰਿਕਸ ਸਿਖਰ ਵਾਰਤਾ ਲਈ ਭਾਵੇਂ ਮੈਂ ਦੱਖਣੀ ਅਫ਼ਰੀਕਾ ਵਿਚ ਹਾਂ, ਪਰ ਮੇਰਾ ਦਿਲ ਤੇ ਰੂਹ ਭਾਰਤ ਵਿੱਚ ਹਨ।’’ ਸ੍ਰੀ ਮੋਦੀ ਨੇ ਇਸਰੋ ਚੇਅਰਮੈਨ ਐੱਸ.ਸੋਮਨਾਥ ਨੂੰ ਜੌਹੈੱਨਸਬਰਗ ਤੋਂ ਫੋਨ ਕਰਕੇ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਲਦੀ ਹੀ ਬੰਗਲੂਰੂ ਆਉਣਗੇ ਤੇ ਪੂਰੀ ਇਸਰੋ ਟੀਮ ਨੂੰ ਨਿੱਜੀ ਤੌਰ ’ਤੇ ਮਿਲਣਗੇ। ਉਨ੍ਹਾਂ ਕਿਹਾ, ‘‘ਸੋਮਨਾਥ ਜੀ….ਤੁਹਾਡਾ ਨਾਮ ਸੋਮਨਾਥ ਵੀ ਅੱਜ ਚੰਦਰਮਾ ਨਾਲ ਜੁੜ ਗਿਆ ਹੈ। ਤੁਹਾਡੇ ਪਰਿਵਾਰਕ ਮੈਂਬਰ ਵੀ ਚੜ੍ਹਦੀ ਕਲਾ ਵਿੱਚ ਹੋਣਗੇ। ਤੁਹਾਨੂੰ ਤੇ ਤੁਹਾਡੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਉਧਰ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਲਈ ਇਸਰੋ ਦੇ ਵਿਗਿਆਨੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਦੀ ਸਫ਼ਲਤਾ ਨਾਲ ਪੁਲਾੜ ਤਕਨਾਲੋਜੀ ਵਿਚ ਭਾਰਤ ਦੀ ਤਾਕਤ ਨੂੰ ਪਛਾਣ ਮਿਲੇਗੀ। ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਰਿਤਿਕ ਰੌਸ਼ਨ, ਕਰੀਨਾ ਕਪੂਰ ਖ਼ਾਨ, ਮਨੋਜ ਬਾਜਪਈ, ਚਿਰੰਜੀਵੀ, ਅਜੈ ਦੇਵਗਨ, ਕਾਰਤਿਕ ਆਰੀਅਨ, ਜੂਨੀਅਰ ਐੱਨਟੀਆਰ ਤੇ ਸੰਨੀ ਦਿਓਲ ਸਣੇ ਹੋਰਨਾਂ ਫਿਲਮੀ ਹਸਤੀਆਂ ਨੇ ਇਸਰੋ ਨੂੰ‘ਭਾਰਤ ਦਾ ਮਾਣ’ ਕਰਾਰ ਦਿੱਤਾ ਹੈ। ਉੱਘੇ ਵਿਗਿਆਨੀਆਂ ਡਾ.ਕ੍ਰਿਸਫਿਨ ਕਾਰਤਿਕ, ਪ੍ਰੋਫੈਸਰ ਆਕਾਸ਼ ਸਿਨਹਾ, ਸੰਦੀਪ ਚੱਕਰਬਰਤੀ, ਡਾ. ਟੀ. ਵੀ. ਵੈਂਕਟੇਸ਼ਵਰਨ ਆਦਿ ਨੇ ਵੀ ਮਿਸ਼ਨ ਦੀ ਸਫ਼ਲਤਾ ਨੂੰ ਸਲਾਹਿਆ ਹੈ।