ਨਵੀਂ ਦਿੱਲੀ, 22 ਜਨਵਰੀ

ਸਰਕਾਰ ਤੇ ਕਿਸਾਨ ਆਗੂਆਂ ਦਰਮਿਆਨ ਹੋਈ 11ਵੇਂ ਗੇੜ ਦੀ ਗੱਲਬਾਤ ਵੀ ਅੱਜ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਮੀਟਿੰਗ ਦੌਰਾਨ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ’ਤੇ ਕਾਇਮ ਰਹੀਆਂ। ਉਂਜ ਸਰਕਾਰ ਨੇ ਕਿਸਾਨ ਆਗੂਆਂ ਨੂੰ ਸਾਫ਼ ਕਰ ਦਿੱਤਾ ਕਿ ਉਹ ਉਨ੍ਹਾਂ ਨੂੰ ਸਾਰੇ ਸੰਭਾਵੀ ਬਦਲ ਦੇ ਚੁੱਕੇ ਹਨ ਤੇ ਕਿਸਾਨ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰਨ ਤੇ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਸਰਕਾਰ ਦੀ (ਪੁਰਾਣੀ) ਤਜਵੀਜ਼ ’ਤੇ ਮੁੜ ਗੌਰ ਕਰਨ। ਇਸ ਦੌਰਾਨ ਦੋਵਾਂ ਧਿਰਾਂ ’ਚ ਅਗਲੇ ਗੇੜ ਦੀ ਗੱਲਬਾਤ ਲਈ ਵੀ ਕੋਈ ਤਰੀਕ ਨਹੀਂ ਮਿੱਥੀ ਗਈ। ਵਿਗਿਆਨ ਭਵਨ ’ਚ ਪੰਜ ਘੰਟੇ ਦੇ ਕਰੀਬ ਚੱਲੀ ਇਸ ਮੀਟਿੰਗ ਦੌਰਾਨ ਦੋਵੇਂ ਧਿਰਾਂ 30 ਮਿੰਟਾਂ ਲਈ ਵੀ ਇਕ ਦੂਜੇ ਦੇ ਆਹਮੋ ਸਾਹਮਣੇ ਨਹੀਂ ਹੋਈਆਂ। ਉਂਜ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨ ਯੂਨੀਅਨਾਂ ਨੂੰ ਇੰਨਾ ਜ਼ਰੂਰ ਕਿਹਾ ਕਿ ਜੇ ਕਿਸਾਨ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰਨ ਦੀ ਤਜਵੀਜ਼ ’ਤੇ ਵਿਚਾਰ ਚਰਚਾ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਇਕ ਹੋਰ ਗੇੜ ਦੀ ਗੱਲਬਾਤ ਲਈ ਤਿਆਰ ਹੈ।

ਇਸ ਤੋਂ ਪਹਿਲਾਂ ਦੁਪਹਿਰ ਦੇ ਖਾਣੇ ਦੀ ਬ੍ਰੇਕ ਦੌਰਾਨ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਦਰਸ਼ਨ ਪਾਲ ਨੇ ਦੱਸਿਆ, ‘ਅਸੀਂ ਸਰਕਾਰ ਨੂੰ ਦੋ ਟੁਕ ਸ਼ਬਦਾਂ ’ਚ ਸਾਫ਼ ਕਰ ਦਿੱਤਾ ਹੈ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਛੁੱਟ ਕਿਸੇ ਚੀਜ਼ ’ਤੇ ਸਹਿਮਤ ਨਹੀਂ ਹੋਵਾਂਗੇ, ਪਰ ਮੰਤਰੀ ਨੇ ਸਾਨੂੰ ਸਰਕਾਰ ਦੀ ਪੁਰਾਣੀ ਤਜਵੀਜ਼ ’ਤੇ ਮੁੜ ਗੌਰ ਕਰਕੇ ਆਪਣਾ ਫੈਸਲਾ ਦੱਸਣ ਬਾਰੇ ਕਿਹਾ ਹੈ।’ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਅਸੀਂ ਸਰਕਾਰ ਨੂੰ ਆਪਣੀ ਸਥਿਤੀ/ਸਟੈਂਡ ਬਾਰੇ ਸਪਸ਼ਟ ਕਰ ਦਿੱਤਾ ਹੈ। ਅਸੀਂ ਕਾਨੂੰਨਾਂ ਦੀ ਮੁਅੱਤਲੀ ਨਹੀਂ, ਇਨ੍ਹਾਂ ਨੂੰ ਖ਼ਤਮ ਕਰਵਾਉਣਾ ਚਾਹੁੰਦੇ ਹਾਂ।

‘ਅਸੀਂ ਪੇਸ਼ਕਸ਼ ਸਵੀਕਾਰ ਵੀ ਕਰ ਲਈ ਤਾਂ ਸਰਹੱਦਾਂ ’ਤੇ ਬੈਠੇ ਸਾਡੇ ਭੈਣ ਭਰਾਵਾਂ ਨੇ ਨਹੀਂ ਮੰਨਣਾ, ਉਨ੍ਹਾਂ ਸਾਨੂੰ ਛੱਡਣਾ ਨਹੀਂ’

ਭਾਰਤੀ ਕਿਸਾਨ ਯੂਨੀਅਨ (ਅਸਲੀ ਅਰਾਜਨੀਤਕ) ਦੇ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ, ‘ਜੇ ਅਸੀਂ ਸਰਕਾਰ ਦੀ ਪੇਸ਼ਕਸ਼ ਨੂੰ ਸਵੀਕਾਰ ਵੀ ਕਰ ਲੈਂਦੇ ਹਾਂ ਤਾਂ ਦਿੱਲੀ ਸਰਹੱਦਾਂ ’ਤੇ ਬੈਠੇ ਸਾਡੇ ਹੋਰ ਭੈਣ-ਭਰਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਛੁੱਟ ਕਿਸੇ ਹੋਰ ਗੱਲ ’ਤੇ ਨਹੀਂ ਮੰਨਣਗੇ। ਉਹ ਸਾਨੂੰ ਛੱਡਣਗੇ ਨਹੀਂ। ਅਸੀਂ ਉਨ੍ਹਾਂ ਨੂੰ ਕਿਹੜੀ ਪ੍ਰਾਪਤੀ ਵਿਖਾਵਾਂਗੇ।’ ਉਨ੍ਹਾਂ ਸਰਕਾਰ ਦੀ ਸਾਖ਼ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ 18 ਮਹੀਨਿਆਂ ਲਈ ਮੁਅੱਤਲ ਕਰਨ ਦੇ ਆਪਣੇ ਬੋਲਾਂ ’ਤੇ ਪੂਰੀ ਉਤਰੇਗੀ, ਯਕੀਨ ਕਰਨਾ ਮੁਸ਼ਕਲ ਹੈ। ਕਿਸਾਨ ਆਗੂ ਨੇ ਕਿਹਾ, ‘ਅਸੀਂ ਇਥੇ ਹੀ ਮਰਾਂਗੇ, ਪਰ ਕਾਨੂੰਨ ਰੱਦ ਕਰਵਾਏ ਬਿਨਾਂ ਇਥੋਂ ਵਾਪਸ ਜਾਣ ਵਾਲੇ ਨਹੀਂ।’