ਲੰਡਨ, 25 ਜਨਵਰੀ

ਬਰਤਾਨੀਆ ਦਾ ਹਾਈ ਕੋਰਟ ਹੁਣ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਦੀ ਇਕ ਅਰਜ਼ੀ ਉਤੇ ਫ਼ੈਸਲਾ ਸੁਣਾਏਗਾ। ਅਮਰੀਕਾ ਨੂੰ ਆਪਣੀ ਹਵਾਲਗੀ ਖ਼ਿਲਾਫ਼ ਅਸਾਂਜ (50) ਨੇ ਪਟੀਸ਼ਨ ਪਾਈ ਸੀ ਤੇ ਉਹ ਯੂਕੇ ਦੇ ਸੁਪਰੀਮ ਕੋਰਟ ਵਿਚ ਇਹ ਕੇਸ ਲੜਨਾ ਚਾਹੁੰਦਾ ਹੈ।

ਅਸਾਂਜ ਨੂੰ ਅਮਰੀਕਾ ਵਿਚ ਜਾਸੂਸੀ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਕੀਤਾ ਗਿਆ ਸੀ। ਉਸ ਨੇ ਵਿਕੀਲੀਕਸ ਉਤੇ ਕਈ ਸਾਲ ਪਹਿਲਾਂ ਖ਼ੁਫ਼ੀਆ ਦਸਤਾਵੇਜ਼ ਪ੍ਰਕਾਸ਼ਿਤ ਕਰ ਦਿੱਤੇ ਸਨ। ਅਸਾਂਜ ਨੇ ਯੂਕੇ ਵਿਚ ਲੰਮੀ ਕਾਨੂੰਨੀ ਲੜਾਈ ਲੜੀ ਹੈ ਤੇ ਉਹ ਅਮਰੀਕਾ ਨੂੰ ਸੌਂਪੇ ਜਾਣ ਤੋਂ ਬਚਣਾ ਚਾਹੁੰਦਾ ਹੈ। ਕਰੀਬ ਇਕ ਸਾਲ ਪਹਿਲਾਂ ਲੰਡਨ ਦੇ ਇਕ ਜ਼ਿਲ੍ਹਾ ਜੱਜ ਨੇ ਉਸ ਦੀ ਅਮਰੀਕਾ ਨੂੰ ਹਵਾਲਗੀ ਇਹ ਕਹਿੰਦਿਆਂ ਰੱਦ ਕਰ ਦਿੱਤੀ ਸੀ ਕਿ ਅਮਰੀਕਾ ਵਿਚ ਕੈਦ ਦੀਆਂ ਸ਼ਰਤਾਂ ਸਖ਼ਤ ਹਨ ਤੇ ਅਸਾਂਜ ਆਪਣੀ ਜਾਨ ਲੈ ਸਕਦਾ ਹੈ। ਅਮਰੀਕੀ ਅਥਾਰਿਟੀ ਨੇ ਮਗਰੋਂ ਯਕੀਨ ਦਿਵਾਇਆ ਸੀ ਕਿ ਅਸਾਂਜ ਨਾਲ ਸਖ਼ਤੀ ਨਹੀਂ ਕੀਤੀ ਜਾਵੇਗੀ ਕਿਉਂਕਿ ਉਸ ਦੇ ਵਕੀਲਾਂ ਨੇ ਕਿਹਾ ਹੈ ਕਿ ਅਜਿਹਾ ਕਰਨ ਨਾਲ ਉਹ ਸਰੀਰਕ ਤੇ ਮਾਨਸਿਕ ਤੌਰ ਉਤੇ ਤਣਾਅ ਦਾ ਸ਼ਿਕਾਰ ਹੋ ਸਕਦਾ ਹੈ। ਪਿਛਲੇ ਮਹੀਨੇ ਹਾਈ ਕੋਰਟ ਨੇ ਹੇਠਲੀ ਅਦਾਲਤ ਦਾ ਫ਼ੈਸਲਾ ਪਲਟਾ ਦਿੱਤਾ ਸੀ। ਹਾਈ ਕੋਰਟ ਦੇ ਜੱਜਾਂ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਦਿੱਤੀ ਗਈ ਗਾਰੰਟੀ ਕਾਫ਼ੀ ਹੈ ਤੇ ਯਕੀਨ ਬੱਝਦਾ ਹੈ ਕਿ ਅਸਾਂਜ ਨਾਲ ਉੱਥੇ ਕੋਈ ਅਣਮਨੁੱਖੀ ਵਤੀਰਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਵੱਲੋਂ ਕੀਤਾ ਵਾਅਦਾ ਤੇ ਦਿੱਤੀ ਗਾਰੰਟੀ ਦੋ ਸਰਕਾਰਾਂ ਵਿਚਾਲੇ ਹੈ। ਜਦਕਿ ਅਸਾਂਜ ਦੇ ਵਕੀਲਾਂ ਨੇ ਕਿਹਾ ਸੀ ਕਿ ਇਸ ਉਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਵਕੀਲਾਂ ਨੇ ਸਿਖ਼ਰਲੀ ਅਦਾਲਤ ਤੱਕ ਪਹੁੰਚ ਕਰਨ ਦੀ ਇਜਾਜ਼ਤ ਮੰਗੀ ਸੀ।