ਇਸਲਾਮਾਬਾਦ, 2 ਦਸੰਬਰ

ਪਾਕਿਸਤਾਨ ਨੇ ਹਫ਼ਤਿਆਂ ਤੋਂ ਬਣੀ ਹੋਈ ਬੇਯਕੀਨੀ ਨੂੰ ਖ਼ਤਮ ਕਰਦਿਆਂ ਕਰੀਅਰ ਡਿਪਲੋਮੈਟ ਅਸਦ ਮਜੀਦ ਖਾਨ ਨੂੰ ਆਪਣਾ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਨਾਮ ‘ਸਾਈਫਰ ਸਾਜ਼ਿਸ਼’ ਵਿਵਾਦ ਵਿੱਚ ਸਾਹਮਣੇ ਆਇਆ ਸੀ। ਮਜੀਦ ਖਾਨ ਇਸ ਸਮੇਂ ਬੈਲਜੀਅਮ, ਯੂਰੋਪੀਅਨ ਯੂਨੀਅਨ (ਈਯੂ) ਅਤੇ ਲਗਜ਼ਮਬਰਗ ਵਿੱਚ ਪਾਕਿਸਤਾਨ ਦੇ ਰਾਜਦੂਤ ਵਜੋਂ ਤਾਇਨਾਤ ਹਨ। ਵਿਦੇਸ਼ ਸਕੱਤਰ ਨੇ ਇੱਕ ਟਵੀਟ ਵਿੱਚ ਕਿਹਾ, ‘‘ਇਸ ਸਮੇਂ ਬੈਲਜੀਅਮ, ਯੂਰੋਪੀਅਨ ਯੂਨੀਅਨ ਅਤੇ ਲਗਜ਼ਮਬਰਗ ਵਿੱਚ ਪਾਕਿਸਤਾਨ ਦੇ ਰਾਜਦੂਤ ਵਜੋਂ ਤਾਇਨਾਤ ਡਾ. ਅਸਦ ਮਜੀਦ ਖ਼ਾਨ ਨੂੰ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖਰੇ ਤੌਰ ’ਤੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਸੁਹੇਲ ਮਹਿਮੂਦ ਸਤੰਬਰ ਵਿੱਚ ਸੇਵਾਮੁਕਤ ਹੋ ਗਏ ਸਨ, ਜਿਸ ਮਗਰੋਂ ਇਹ ਅਹੁਦਾ ਖ਼ਾਲੀ ਹੋ ਗਿਆ ਸੀ।