ਦੋਹਾ, ਭਾਰਤੀ ਅਥਲੀਟ ਅਵਿਨਾਸ਼ ਸਾਬਲੇ ਨੇ ਨਾਟਕੀ ਹਾਲਾਤ ਵਿੱਚ ਇੱਥੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਪੁਰਸ਼ 3000 ਮੀਟਰ ਸਟੀਪਲਚੇਜ਼ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਦਕਿ ਅਨੂ ਰਾਣੀ ਕੁਆਲੀਫਾਈਂਗ ਗੇੜ ਦੀ ਸ਼ਾਨਦਾਰ ਲੈਅ ਨੂੰ ਫਾਈਨਲ ਵਿੱਚ ਬਰਕਰਾਰ ਨਹੀਂ ਰੱਖ ਸਕੀ ਅਤੇ ਜੈਵਲਿਨ ਥਰੋਅ ਵਿੱਚ ਅੱਠਵੇਂ ਸਥਾਨ ’ਤੇ ਰਹੀ। ਅਨੂ ਬੇਸ਼ੱਕ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਹੀਂ ਕਰ ਸਕੀ, ਪਰ ਇਸ ਟੂਰਨਾਮੈਂਟ ਦੌਰਾਨ ਉਹ ਵਿਸ਼ਵ ਚੈਂਪੀਅਨਸ਼ਿਪ ਦੀ ਮਹਿਲਾ ਜੈਵਲਿਨ ਥਰੋਅ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ
ਭਾਰਤੀ ਬਣੀ।
ਮਹਾਰਾਸ਼ਟਰ ਦੇ ਮਾਂਡਵਾ ਦਾ 25 ਸਾਲਾ ਸਾਬਲੇ ਵਿਸ਼ਵ ਚੈਂਪੀਅਨਸ਼ਿਪ ਦੇ ਟਰੈਕ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲਾ ਪਹਿਲਾ ਪੁਰਸ਼ ਖਿਡਾਰੀ ਹੈ। ਅਵਿਨਾਸ਼ ਪਹਿਲੇ ਗੇੜ ਦੀ ਹੀਟ ਵਿੱਚ ਨਵਾਂ ਕੌਮੀ ਰਿਕਾਰਡ ਬਣਾਉਣ ਦੇ ਬਾਵਜੂਦ ਪੁਰਸ਼ 3000 ਮੀਟਰ ਸਟਿਪਲਚੇਜ਼ ਦੇ ਫਾਈਨਲ ਵਿੱਚ ਪਹੁੰਚਣ ਤੋਂ ਖੁੰਝ ਗਿਆ ਸੀ। ਭਾਰਤੀ ਅਥਲੈਟਿਕਸ ਫੈਡਰੇਸ਼ਨ ਦੇ ਵਿਰੋਧ ਕਰਨ ਕਾਰਨ ਕਿ ਮੁਕਾਬਲੇ ਦੌਰਾਨ ਹੋਰ ਦੌੜਾਕਾਂ ਨੇ ਉਸ ਦਾ ਰਾਹ ਰੋਕਿਆ ਸੀ, ਉਸ ਨੂੰ ਫਾਈਨਲ ਵਿੱਚ ਥਾਂ ਦਿੱਤੀ ਗਈ।
ਅਵਿਨਾਸ਼ ਨੇ ਹੀਟ ਵਿੱਚ ਅੱਠ ਮਿੰਟ 25.23 ਸੈਕਿੰਡ ਦੇ ਸਮੇਂ ਨਾਲ ਅੱਠ ਮਿੰਟ 28.94 ਸੈਕਿੰਡ ਦੇ ਆਪਣੇ ਹੀ ਕੌਮੀ ਰਿਕਾਰਡ ਵਿੱਚ ਸੁਧਾਰ ਕੀਤਾ। ਉਹ ਤੀਜੀ ਹੀਟ ਵਿੱਚ ਸੱਤਵੇਂ ਅਤੇ ਦੌੜ ਵਿੱਚ ਹਿੱਸਾ ਲੈ ਰਹੇ ਕੁੱਲ 44 ਦੌੜਾਕਾਂ ਵਿੱਚ 20ਵੇਂ ਸਥਾਨ ’ਤੇ ਰਿਹਾ। ਮੁਕਾਬਲੇ ਦੌਰਾਨ ਦੋ ਵਾਰ ਉਸ ਦੇ ਰਾਹ ਵਿੱਚ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕੀਤੀ ਗਈ। ਏਐੱਫਆਈ ਨੇ ਬਾਅਦ ਵਿੱਚ ਅਪੀਲ ਦਾਇਰ ਕਰਦਿਆਂ ਦਾਅਵਾ ਕੀਤਾ ਕਿ ਅਵਿਨਾਸ਼ ਦਾ ਰਾਹ ਹੋਰ ਦੌੜਾਕਾਂ ਨੇ ਰੋਕਿਆ ਅਤੇ ਨਾਲ ਹੀ ਅਪੀਲ ਕੀਤੀ ਕਿ ਉਸ ਨੂੰ ਫਾਈਨਲ ਵਿੱਚ ਥਾਂ ਦਿੱਤੀ ਜਾਵੇ। ਇੱਕ ਘੰਟੇ ਮਗਰੋਂ ਮੁਕਾਬਲੇ ਦੇ ਰੈਫਰੀ ਨੇ ਵੀਡੀਓ ਫੁਟੇਜ਼ ਵੇਖਣ ਮਗਰੋਂ ਭਾਰਤ ਦੇ ਵਿਰੋਧ ਨੂੰ ਸਵੀਕਾਰ ਕੀਤਾ। ਏਐੱਫਆਈ ਯੋਜਨਾ ਕਮਿਸ਼ਨ ਦੇ ਚੇਅਰਮੈਨ ਲਲਿਤ ਭਨੋਟ ਨੇ ਕਿਹਾ, ‘‘ਅਸੀਂ ਅਪੀਲ ਕੀਤੀ ਸੀ ਅਤੇ ਫ਼ੈਸਲਾ ਸਾਡੇ ਹੱਕ ਵਿੱਚ ਹੋਇਆ। ਇਸ ਲਈ ਅਵਿਨਾਸ਼ ਫਾਈਨਲ ਵਿੱਚ ਹੈ।’’ ਸਾਬਲੇ ਦੇ ਸਥਾਨ ਵਿੱਚ ਕੋਈ ਤਬਦੀਲੀ ਨਹੀਂ ਹੋਈ। ਸ਼ੁੱਕਰਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਉਸ ਨੂੰ 16ਵੇਂ ਮੁਕਾਬਲੇਬਾਜ਼ ਵਜੋਂ ਥਾਂ ਦਿੱਤੀ ਗਈ। ਸਾਬਲੇ ਨੇ ਇਸੇ ਸਾਲ ਮਾਰਚ ਵਿੱਚ ਫੈਡਰੇਸ਼ਨ ਕੱਪ ਦੌਰਾਨ ਅੱਠ ਮਿੰਟ 28.94 ਸੈਕਿੰਡ ਦਾ ਸਮਾਂ ਕੱਢਿਆ ਸੀ। ਸਾਬਲੇ ਨੇ ਅਪਰੈਲ ਵਿੱਚ ਇਸੇ ਟਰੈਕ ’ਤੇ ਏਸ਼ਿਆਈ ਚੈਂਪੀਅਨਸ਼ਿਪ ਦੌਰਾਨ ਅੱਠ ਮਿੰਟ 30.19 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ ਸੀ।
ਦੂਜੇ ਪਾਸੇ ਕੁਆਲੀਫਾਈਂਗ ਵਿੱਚ 62.43 ਮੀਟਰ ਦੇ ਯਤਨ ਨਾਲ ਆਪਣਾ ਹੀ ਕੌਮੀ ਰਿਕਾਰਡ ਤੋੜਨ ਵਾਲੀ ਅਨੂ ਫਾਈਨਲ ਵਿੱਚ ਨੇਜੇ ਨੂੰ ਸਿਰਫ਼ 61.12 ਮੀਟਰ ਦੀ ਦੂਰੀ ਤੱਕ ਹੀ ਸੁੱਟ ਸਕੀ। ਅਨੂ ਨੇ 59.25
ਅਨੂ ਰਾਣੀ
ਮੀਟਰ ਦੇ ਯਤਨ ਨਾਲ ਸ਼ੁਰੂਆਤ ਕੀਤੀ ਅਤੇ ਫਿਰ ਇਹ 27 ਸਾਲਾ ਅਥਲੀਟ 61.12 ਮੀਟਰ ਅਤੇ 60.20 ਮੀਟਰ ਦੇ ਯਤਨ ਨਾਲ ਪਹਿਲੇ ਅੱਠ ਵਿੱਚ ਸ਼ਾਮਲ ਰਹੀ, ਜਿਸ ਨਾਲ ਉਸ ਨੂੰ ਤਿੰਨ ਹੋਰ ਮੌਕੇ ਮਿਲੇ। ਅਨੂ ਹਾਲਾਂਕਿ ਅਗਲੇ ਤਿੰਨ ਯਤਨਾਂ ਦੌਰਾਨ 60.40 ਮੀਟਰ, 58.49 ਮੀਟਰ ਅਤੇ 57.93 ਮੀਟਰ ਦੀ ਦੂਰੀ ਹੀ ਤੈਅ ਕਰ ਸਕੀ ਅਤੇ 12 ਖਿਡਾਰੀਆਂ ਦੇ ਫਾਈਨਲ ਵਿੱਚ ਅੱਠਵੇਂ ਸਥਾਨ ’ਤੇ ਰਹੀ।
ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੀ ਉਪ ਜੇਤੂ ਕੇਲਸੀ ਲੀ ਬਾਰਬਰ ਨੇ 66.56 ਮੀਟਰ ਦੇ ਯਤਨ ਨਾਲ ਸੋਨ ਤਗ਼ਮਾ ਜਿੱਤਿਆ। ਚੀਨ ਦੀ ਏਸ਼ਿਆਈ ਖੇਡਾਂ ਦੀ ਚੈਂਪੀਅਨ ਲਿਊ ਸ਼ੀਯਿੰਗ ਅਤੇ ਉਸ ਦੀ ਹਮਵਤਨ ਏਸ਼ਿਆਈ ਚੈਂਪੀਅਨ ਲਿਊ ਹੁਈਹੁਈ ਨੇ 65.88 ਮੀਟਰ ਅਤੇ 65.49 ਮੀਟਰ ਦੇ ਯਤਨ ਨਾਲ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ।
ਮੇਰਠ ਦੇ ਨੇੜੇ ਪਿੰਡ ਬਾਦਲ ਦੀ ਅਨੂ ਭਾਵੇਂ ਫਾਈਨਲ ਵਿੱਚ ਸਰਵੋਤਮ ਪ੍ਰਦਰਸ਼ਨ ਵਿੱਚ ਅਸਫਲ ਰਹੀ, ਪਰ ਇਸ ਟੂਰਨਾਮੈਂਟ ਦੌਰਾਨ ਉਹ ਵਿਸ਼ਵ ਚੈਂਪੀਅਨਸ਼ਿਪ ਦੀ ਮਹਿਲਾ ਜੈਵਲਿਨ ਥਰੋਅ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਭਾਰਤੀ ਬਣੀ। ਅਨੂ ਨੇ ਮੁਕਾਬਲੇ ਮਗਰੋਂ ਕਿਹਾ, ‘‘ਮੈਂ ਕੁੱਝ ਤਕਨੀਕੀ ਗ਼ਲਤੀਆਂ ਕੀਤੀਆਂ ਅਤੇ ਮੈਂ ਇਸ ’ਤੇ ਕੰਮ ਕਰਾਂਗੀ। ਮੈਂ ਓਲੰਪਿਕ ਲਈ ਹੁਣ ਤੱਕ ਕੁਆਲੀਫਾਈ ਨਹੀਂ ਕਰ ਸਕੀ। ਆਪਣੀਆਂ ਤਕਨੀਕੀ ਖ਼ਾਮੀਆਂ ’ਤੇ ਕਾਬੂ ਪਾ ਕੇ ਹੀ ਮੈਂ ਕੁਆਲੀਫਾਈ ਕਰ ਸਕਾਂਗੀ, ਜਿਸ ਦੇ ਲਈ ਮੈਨੂੰ 64 ਮੀਟਰ ਦੀ ਦੂਰੀ ’ਤੇ ਨੇਜਾ ਸੁੱਟਣਾ ਹੋਵੇਗਾ।’’