ਨਵੀਂ ਦਿੱਲੀ, ਮੁੱਕੇਬਾਜ਼ੀ ਵਿੱਚ ਇਸ ਸਾਲ ਦੇਸ਼ ਵਿੱਚ ’ਚ ਹੋਣ ਵਾਲੇ ਸਭ ਤੋਂ ਰੌਚਿਕ ਮੁਕਾਬਲੇ ਬਾਰੇ ਗੱਲਬਾਤ ਕਰਦਿਆਂ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਕਿ ਉਹ ਕੋਈ ਖਾਸ ਤਿਆਰੀ ਨਹੀਂ ਕਰ ਰਿਹਾ। ਵਿਜੇਂਦਰ ਇਹ ਮੁਕਾਬਲਾ ਜਿੱਤ ਕੇ ਇਸ ਸਾਲ ਦਾ ਆਪਣਾ ਦੂਜਾ ਖ਼ਿਤਾਬ ਜਿੱਤ ਸਕਦਾ ਹੈ। ਇਸ ਸਟਾਰ ਭਾਰਤੀ ਮੁੱਕੇਬਾਜ਼ ਨੇ ਕਿਹਾ ਕਿ ਤਕਨੀਕ ਵਿੱਚ ਕੁੱਝ ਹਲਕੇ ਸੁਧਾਰਾਂ ਤੋਂ ਇਲਾਵਾ ਉਹ ਚੀਨ ਦੇ ਜੁਲਫ਼ਿਕਰ ਮੈਮਤ ਅਲੀ ਦੇ ਵਿਰੁੱਧ ਅਗਲੇ ਮਹੀਨੇ ਹੋਣ ਵਾਲੇ ਮੁਕਾਬਲੇ ਲਈ ਕੋਈ ਖਾਸ ਤਿਆਰੀ ਨਹੀਂ ਕਰ ਰਿਹਾ। ਮੌਜੂਦਾ ਡਬਲਿਊ ਏਸ਼ੀਆ ਪੈਸੇਫਿਕ ਸੁਪਰ ਮਿਡਲਵੇਟ ਚੈਂਪੀਅਨ ਦਾ ਮੁਕਾਬਲਾ ਡਬਲਿਊ ਓਰੀਐਂਟਲ ਸੁਪਰ ਮਿਡਲਵੇਟ ਖ਼ਿਤਾਬਧਾਰੀ ਮੈਮਤ ਅਲੀ ਨਾਲ ਹੋਵੇਗਾ। ਪੰਜ ਅਗਸਤ ਨੂੰ ਮੁੰਬਈ ਵਿੱਚ ਹੋਣ ਵਾਲੇ ਇਸ ਵਕਾਰੀ ਮੁਕਾਬਲੇ ਦੇ ਜੇਤੂ ਨੂੰ ਜਿੱਤ ਤੋਂ ਬਾਅਦ ਦੋਵੇਂ ਖ਼ਿਤਾਬ ਹਾਸਲ ਹੋਣਗੇ। ਵਿਜੇਂਦਰ ਨੇ ਪਿਛਲੇ ਸਾਲ ਦਸੰਬਰ ਵਿੱਚ ਫਰਾਂਸਿਸ ਚੇਕਾ ਨਾਲ ਮੁਕਾਬਲੇ ਵਿੱਚ ਆਪਣੇ ਖ਼ਿਤਾਬ ਦਾ ਸਫਲ ਬਚਾਅ ਕਰਨ ਬਾਅਦ ਕੋਈ ਮੁਕਾਬਲਾ ਨਹੀਂ ਲੜਿਆ। ਇਸ ਤਰ੍ਹਾਂ ਹੁਣ ਵਿਜੇਂਦਰ ਆਪਣਾ ਇਸ ਸਾਲ ਦਾ ਪਹਿਲਾ ਮੁਕਾਬਲਾ ਸੱਤ ਮਹੀਨੇ ਬਾਅਦ ਲੜੇਗਾ ਪਰ 31 ਸਾਲ ਦੇ ਵਿਜੇਂਦਰ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। ਮਾਨਚੈਸਟਰ ਵਿੱਚ ਆਪਣੇ ਟਰੇਨਰ ਲੀ ਬੀਅਰਡ ਨਾਲ ਪ੍ਰੈਕਟਿਸ ਕਰ ਰਹੇ ਵਿਜੇਂਦਰ ਨੇ ਕਿਹਾ ਕਿ ਮੈਚ ਲੜਨ ਵਿੱਚ ਦੇਰੀ ਹੋਣਾ ਉਸ ਦੇ ਵਸ ਵਿੱਚ ਨਹੀਂ ਹੈ ਅਤੇ ਉਸਨੇ ਅਪਰੈਲ ਵਿੱਚ ਮੁਕਾਬਲਾ ਲੜਨਾ ਸੀ ਪਰ ਉਦੋਂ ਉਸਦਾ ਵਿਰੋਧੀ ਮੁੱਕੇਬਾਜ਼ ਜ਼ਖ਼ਮੀ ਹੋ ਗਿਆ ਸੀ। ਹੁਣ ਉਹ ਮੈਮਤ ਅਲੀ ਦਾ ਚੁਣੌਤੀ ਦਾ 5 ਅਗਸਤ ਨੂੰ ਜਵਾਬ ਦੇਣ ਲਈ ਰਿੰਗ ਵਿੱਚ ਉੱਤਰੇਗਾ। ਪੇਈਚਿੰਗ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਵਿਜੇਂਦਰ ਨੇ ਕਿਹਾ ਕਿ ਜਦੋਂ ਵੀ ਮੁਕਾਬਲਾ ਹੋਵੇ ਉਸ ਲਈ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੀ ਉਸਦਾ ਫਰਜ਼ ਹੈ। ਉਸਨੇ ਕਿਹਾ ਕਿ ਜਦੋਂ ਮੁੱਕੇਬਾਜ਼ ਖ਼ਿਤਾਬਧਾਰੀ ਬਣ ਜਾਂਦਾ ਹੈ ਤਾਂ ਫਿਰ ਮੁਕਾਬਲਿਆਂ ਦੀ ਗਿਣਤੀ ਘੱਟ ਹੋ ਜਾਂਦੀ ਹੈ। ਉਸ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੈ, ਇਸ ਲਈ ਇਹ ਚਿੰਤਾ ਦਾ ਕਾਰਨ ਨਹੀਂ ਹੈ
ਵਿਜੇਂਦਰ ਨੇ ਕਿਹਾ ਕਿ ਉਹ ਆਪਣੇ ਹੋਣ ਵਾਲੇ ਮੁਕਾਬਲੇ ਦੇ ਪ੍ਰੋਗਰਾਮ ਤੋਂ ਸੰਤੁਸ਼ਟ ਹੈ। ਸਾਲ ਵਿੱਚ ਦੋ ਤਿੰਨ ਮੁਕਾਬਲੇ ਸਹੀ ਹਨ। ਮੈਮਤ ਅਲੀ ਬਾਰੇ ਪੁੱਛੇ ਜਾਣ ਉੱਤੇ ਉਸਨੇ ਕਿਹਾ ਕਿ ਉਹ ਖੱਬੂ ਹੈ ਇਸ ਲਈ ਉਹ ਥੋੜ੍ਹਾ ਆਪਣੀ ਤਕਨੀਕ ਵਿੱਚ ਫੇਰਬਦਲ ਕਰ ਰਿਹਾ ਹੈ। ਵਿਜੇਂਦਰ ਨੇ ਕਿਹਾ,‘ ਉਸ ਦੀ ਪ੍ਰੈਕਟਿਸ ਵਿੱਚ ਕੋਈ ਫਰਕ ਨਹੀਂ ਪਿਆ, ਸਭ ਕੁੱਝ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਿਹਾ ਹੈ।