ਓਟਵਾ, 17 ਸਤੰਬਰ : ਅਲਬਰਟਾ ਵਿੱਚ ਕੋਵਿਡ-19 ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਸਬੰਧ ਵਿੱਚ ਵੀਰਵਾਰ ਨੂੰ ਫੈਡਰਲ ਆਗੂਆਂ ਨੇ ਇੱਕ ਦੂਜੇ ਉੱਤੇ ਦੋਸ਼ ਲਾਏ ਤੇ ਇੱਕ ਦੂਜੇ ਨੂੰ ਸਿਹਤ ਐਮਰਜੰਸੀ ਲਈ ਜਿ਼ੰਮੇਵਾਰ ਠਹਿਰਾਇਆ। ਪ੍ਰੋਵਿੰਸ ਦੀ ਹੈਲਥ ਐਮਰਜੰਸੀ ਤੇ ਹੋਰਨਾਂ ਨੀਤੀਆਂ ਬਾਰੇ ਹਰ ਕੋਈ ਦੂਜੇ ਨੂੰ ਜਿੰ਼ਮੇਵਾਰ ਦਿਖਾ ਕੇ ਵੋਟਰਾਂ ਦੇ ਮਨਾਂ ਵਿੱਚ ਆਪਣੀ ਥਾਂ ਬਣਾਉਣ ਉੱਤੇ ਲੱਗਿਆ ਹੋਇਆ ਸੀ।
ਇਸ ਤੋਂ ਇੱਕ ਦਿਨ ਪਹਿਲਾਂ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਲੋਕਾਂ ਦੇ ਇੱਕਠੇ ਹੋਣ ਦੀ ਹੱਦ ਮਿਥ ਦਿੱਤੀ ਤੇ ਕਈ ਮਹੀਨੇ ਤੱਕ ਟਲਦੇ ਰਹਿਣ ਤੋਂ ਬਾਅਦ ਹੁਣ ਮਾਮਲਾ ਹੱਥੋਂ ਨਿਕਲ ਜਾਣ ਉੱਤੇ ਵੈਕਸੀਨ ਪਾਸਪੋਰਟ ਸਿਸਟਮ ਲਿਆਂਦਾ।ਇੱਥੇ ਦੱਸਣਾ ਬਣਦਾ ਹੈ ਕਿ ਅਲਬਰਟਾ ਵਿੱਚ ਇੱਕ ਵਾਰੀ ਫਿਰ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਤੇ ਉੱਥੇ ਮੁੜ ਇੰਟੈਸਿਵ ਕੇਅਰ ਯੂਨਿਟਸ ਵਿੱਚ ਮਰੀਜ਼ਾਂ ਦਾ ਤਾਂਤਾ ਲੱਗਦਾ ਜਾ ਰਿਹਾ ਹੈ।
ਲਿਬਰਲ ਆਗੂ ਜਸਟਿਨ ਟਰੂਡੋ ਨੇ ਆਖਿਆ ਕਿ ਦੇਸ਼ ਭਰ ਵਿੱਚ ਮਹਾਂਮਾਰੀ ਨਾਲ ਲੜਨ ਲਈ ਕੰਜ਼ਰਵੇਟਿਵ ਸਿਆਸਤਦਾਨ ਘੱਟ ਪ੍ਰਭਾਵਸ਼ਾਲੀ ਰਹੇ ਹਨ। ਮਾਂਟਰੀਅਲ ਵਿੱਚ ਟਰੂਡੋ ਨੇ ਚੋਣ ਪ੍ਰਚਾਰ ਦੌਰਾਨ ਆਖਿਆ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਓਟੂਲ ਮਹਾਂਮਾਰੀ ਨਾਲ ਚੰਗੀ ਤਰ੍ਹਾਂ ਸਿੱਝਣ ਲਈ ਕੇਨੀ ਦੀ ਮੈਨੇਜਮੈਂਟ ਦੀ ਤਾਰੀਫ ਕਰ ਰਹੇ ਸਨ।ਟਰੂਡੋ ਨੇ ਦਾਅਵਾ ਕੀਤਾ ਕਿ ਓਟੂਲ ਦੀ ਪਾਰਟੀ ਵਿੱਚ ਹੀ ਅਜਿਹੇ ਐਂਟੀ ਵੈਕਸਰਜ਼ ਹਨ ਜਿਨ੍ਹਾਂ ਕਰਕੇ ਹਾਲਾਤ ਨਾਸਾਜ਼ ਹੋ ਰਹੇ ਹਨ ਤੇ ਓਟੂਲ ਇੰਜ ਦਰਸਾਉਂਦੇ ਹਨ ਜਿਵੇਂ ਉਨ੍ਹਾਂ ਨੂੰ ਕੁੱਝ ਪਤਾ ਹੀ ਨਹੀਂ।
ਖੁਦ ਇੱਕ ਡੋਜ਼ ਲੈਣ ਵਾਲੀ ਪੀਟਰਬੌਰੋਅ-ਕਵਾਰਥਾ ਤੋਂ ਟੋਰੀ ਉਮੀਦਵਾਰ ਮਿਸ਼ੇਲ ਫਰਾਰੀ ਨੇ ਸੋਸ਼ਲ ਮੀਡੀਆ ਉੱਤੇ ਰਿਟਾਇਰਮੈਂਟ ਹੋਮ ਵਿੱਚ ਖਿਚਵਾਈਆਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪਾਈਆਂ ਹਨ ਤੇ ਇਸ ਉੱਤੇ ਟਿੱਪਣੀ ਕਰਦਿਆਂ ਟਰੂਡੋ ਨੇ ਆਖਿਾਅ ਕਿ ਓਟੂਲ ਨੇ ਕਦੇ ਆਪਣੇ ਉਮੀਦਵਾਰਾਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਮੰਗ ਨਹੀਂ ਕੀਤੀ। ਉਨ੍ਹਾਂ ਕਦੇ ਆਪਣੇ ਅਜਿਹੇ ਉਮੀਦਵਾਰਾਂ ਦੀ ਆਲੋਚਨਾ ਨਹੀਂ ਕੀਤੀ ਜਿਹੜੇ ਬਿਨਾਂ ਪੂਰੇ ਟੀਕਾਕਰਣ ਦੇ ਸੀਨੀਅਰਜ਼ ਹੋਮ ਤੁਰੇ ਫਿਰਦੇ ਹਨ। ਟਰੂਡੋ ਨੇ ਇਹ ਵੀ ਆਖਿਆ ਕਿ ਅਸੀਂ ਵੈਂਟੀਲੇਟਰਜ਼ ਦੇ ਨਾਲ ਨਾਲ ਹਰ ਤਰ੍ਹਾਂ ਦੀ ਮਦਦ ਅਲਬਰਟਾ ਭੇਜਣ ਦੀ ਕੋਸਿ਼ਸ਼ ਕਰ ਰਹੇ ਹਾਂ।
ਇਸ ਦੌਰਾਨ ਸੇਂਟ ਜੌਹਨ, ਨਿਊ ਬਰੰਜ਼ਵਿੱਕ ਤੋਂ ਓਟੂਲ ਨੇ ਆਖਿਆ ਕਿ ਅਲਬਰਟਾ ਵਿੱਚ ਵਿਗੜ ਰਹੇ ਸਿਹਤ ਸਬੰਧੀ ਹਾਲਾਤ ਲਈ ਟਰੂਡੋ ਨੂੰ ਜਿ਼ੰਮੇਵਾਰ ਠਹਿਰਾਇਆ, ਉਨ੍ਹਾਂ ਕਿਤੇ ਵੀ ਕੇਨੀ ਦਾ ਨਾਂ ਤੱਕ ਨਹੀਂ ਲਿਆ।ਉਨ੍ਹਾਂ ਆਖਿਆ ਕਿ ਡੈਲਟਾ ਵੇਰੀਐਂਟ ਦੇ ਤੇਜ਼ੀ ਨਾਲ ਫੈਲਣ ਦੇ ਬਾਵਜੂਦ ਲਿਬਰਲ ਆਗੂ ਨੇ ਚੋਣਾਂ ਦਾ ਸੱਦਾ ਦਿੱਤਾ। ਜੇ ਟਰੂਡੋ ਨੇ ਚੋਣਾਂ ਦਾ ਸੱਦਾ ਨਾ ਦਿੱਤਾ ਹੁੰਦਾ ਤਾਂ 600 ਮਿਲੀਅਨ ਡਾਲਰ ਦੀ ਲਾਗਤ ਜਿਹੜੀ ਇਨ੍ਹਾਂ ਚੋਣਾਂ ਉੱਤੇ ਆਵੇਗੀ ਉਸ ਨਾਲ ਤਾਂ ਪ੍ਰੋਵਿੰਸਾਂ ਨੂੰ ਕੋਵਿਡ-19 ਨਾਲ ਲੜਨ ਵਿੱਚ ਕਾਫੀ ਮਦਦ ਮਿਲਣੀ ਸੀ।
ਇਸ ਦੌਰਾਨ ਟੋਰਾਂਟੋ ਤੋਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਗਲਤੀ ਕੇਨੀ ਦੀ ਹੈ ਕਿ ਅਲਬਰਟਾ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਪਰ ਟਰੂਡੋ ਨੂੰ ਵੀ ਇਸ ਦੀ ਜਿ਼ੰਮੇਵਾਰੀ ਲੈਣੀ ਹੋਵੇਗੀ। ਉਨ੍ਹਾਂ ਆਖਿਆ ਕਿ ਟਰੂਡੋ ਨੇ ਮਹਾਂਮਾਰੀ ਦੌਰਾਨ ਚੋਣਾਂ ਕਰਵਾਉਣ ਦਾ ਸੱਦਾ ਦੇ ਦਿੱਤਾ ਤੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਾਲਾਤ ਨਾਲ ਸਿੱਝਣ ਦੀ ਥਾਂ ਘਰ ਘਰ ਜਾ ਕੇ ਵੋਟਾਂ ਮੰਗਣ ਉੱਤੇ ਲਾ ਦਿੱਤਾ।