ਮੁੰਬਈ:ਅਰਬਾਜ਼ ਖ਼ਾਨ ‘ਪਿੰਚ-ਸੀਜ਼ਨ 2’ ਨੂੰ ਵੀ ਹੋਸਟ ਕਰੇਗਾ। ਇਸ ਸ਼ੋਅ ਵਿੱਚ ਇਸ ਵਾਰ ਸਲਮਾਨ ਖ਼ਾਨ, ਆਯੂਸ਼ਮਾਨ ਖੁਰਾਨਾ, ਕਿਆਰਾ ਅਡਵਾਨੀ, ਅਨੰਨਿਆ ਪਾਂਡੇ, ਫਰਹਾਨ ਅਖ਼ਤਰ, ਫਰਾਹ ਖ਼ਾਨ, ਟਾਈਗਰ ਸ਼ਰੌਫ, ਅਨਿਲ ਕਪੂਰ, ਰਾਜਕੁਮਾਰ ਰਾਓ ਤੇ ਜੈਕਲਿਨ ਫਰਨਾਂਡੇਜ਼ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ। ‘ਪਿੰਚ-ਸੀਜ਼ਨ 2’ ਦਾ ਟਰੇਲਰ ਬੁੱਧਵਾਰ ਨੂੰ ਰਿਲੀਜ਼ ਕੀਤਾ ਗਿਆ। ਇਹ ਸ਼ੋਅ 19 ਜੁਲਾਈ ਤੋਂ ਸਟਰੀਮ ਹੋਵੇਗਾ। ਸ਼ੋਅ ਬਾਰੇ ਗੱਲਬਾਤ ਕਰਦਿਆਂ ਅਰਬਾਜ਼ ਖ਼ਾਨ ਨੇ ਕਿਹਾ, ‘ਸੀਜ਼ਨ-2 ਨੂੰ ਇਸ ਵਾਰ ਨਵੇਂ ਮਹਿਮਾਨਾਂ ਦੀ ਆਮਦ ਨਾਲ ਨਵਾਂਪਣ ਮਿਲੇਗਾ। ਨਵੇਂ ਆਉਣ ਵਾਲੇ ਮਹਿਮਾਨ ਨਵੇਂ ਵਿਚਾਰ ਸਾਂਝੇ ਕਰਨਗੇ।’ ਅਰਬਾਜ਼ ਨੇ ਕਿਹਾ, ‘ਪਹਿਲੇ ਸੀਜ਼ਨ ਮਗਰੋਂ ਸਾਨੂੰ ਇਹ ਪਤਾ ਲੱਗਿਆ ਹੈ ਕਿ ਅਸੀਂ ਸ਼ੋਅ ਨੂੰ ਹੋਰ ਬਿਹਤਰ ਕਿਵੇਂ ਬਣਾ ਸਕਦੇ ਹਾਂ, ਕਿਵੇਂ ਦੇ ਸਵਾਲ ਦਰਸ਼ਕਾਂ ਨੂੰ ਵਧੇਰੇ ਪਸੰਦ ਆਉਣਗੇ ਜਾਂ ਸ਼ੋਅ ਦੀ ਪ੍ਰਮੋਸ਼ਨ ਲਈ ਕੀ ਕੁਝ ਕਰਨ ਦੀ ਲੋੜ ਹੈ। ਇਸ ਤਰ੍ਹਾਂ ਸੀਜ਼ਨ-2 ਪਹਿਲੇ ਸੀਜ਼ਨ ਨਾਲੋਂ ਹੋਰ ਸ਼ਾਨਦਾਰ ਹੋਵੇਗਾ। ਜਦਕਿ ਇਸ ਸ਼ੋਅ ਦਾ ਮੂਲ ਪਹਿਲੇ ਸੀਜ਼ਨ ਵਾਲਾ ਹੀ ਰਹੇਗਾ।’ ਅਰਬਾਜ਼ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਗੱਲਬਾਤ ਵੇਲੇ ਹਿੰਦੀ ਭਾਸ਼ਾ ਦੀ ਵਰਤੋਂ ਕਰਨ ਵੱਲ ਵਧੇਰੇ ਧਿਆਨ ਦਿੱਤਾ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸ਼ੋਅ ਦਾ ਆਨੰਦ ਮਾਣ ਸਕਣ। ਅਰਬਾਜ਼ ਨੇ ਦੱਸਿਆ ਕਿ ਇਸ ਸੀਜ਼ਨ ਦਾ ਪਹਿਲਾ ਮਹਿਮਾਨ ਸਲਮਾਨ ਖ਼ਾਨ ਹੋਵੇਗਾ।