ਰੀਓ ਡੀ ਜਨੇਰੀਓ:ਲਿਓਨਲ ਮੈਸੀ ਦੀ ਟੀਮ ਅਰਜਨਟੀਨਾ ਨੇ ਬ੍ਰਾਜ਼ੀਲ ਨੂੰ 1-0 ਨਾਲ ਪਛਾੜ ਕੇ ਕੋਪਾ ਅਮਰੀਕਾ ਫੁਟਬਾਲ ਟੂਰਨਾਮੈਂਟ ਜਿੱਤ ਲਿਆ ਹੈ। 28 ਸਾਲਾਂ ਵਿੱਚ ਟੀਮ ਦਾ ਇਹ ਪਹਿਲਾ ਵੱਡਾ ਖਿਤਾਬ ਹੈ। ਮੈਚ ਖ਼ਤਮ ਹੋਣ ਮਗਰੋਂ ਮੈਸੀ ਦੀਆਂ ਅੱਖਾਂ ਵਿੱਚ ਹੰਝੂ ਸਨ। ਉਹ ਗੋਡਿਆਂ ਭਾਰ ਬੈਠ ਗਿਆ ਅਤੇ ਹੱਥਾਂ ਨਾਲ ਚਿਹਰਾ ਢਕ ਲਿਆ। ਇਸ ਮਗਰੋਂ ਬਾਕੀ ਟੀਮ ਮੈਂਬਰ ਜਸ਼ਨ ਮਨਾਉਣ ਲਈ ਉਸ ਵੱਲ ਦੌੜੇ ਤੇ ਉਸ ਨੂੰ ਹਵਾ ਵਿੱਚ ਉਛਾਲ ਦਿੱਤਾ। ਮੁਕਾਬਲੇ ਦਾ ਇੱਕੋ-ਇੱਕ ਗੋਲ ਏਂਜਲ ਡੀ ਮਾਰੀਆ ਨੇ 22ਵੇਂ ਮਿੰਟ ਵਿੱਚ ਕੀਤਾ। ਬ੍ਰਾਜ਼ੀਲ ਦੇ ਨੇਮਾਰ ਨੇ ਡ੍ਰਿਬਲ ਅਤੇ ਪਾਸ ਦੀ ਖੂਬਸੂਰਤ ਖੇਡ ਪੇਸ਼ ਕਰ ਕੇ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅਰਜਨਟੀਨਾ ਦੇ ਗੋਲਕੀਪਰ ਏਮੀਲਿਆਨੋ ਮਾਰਟੀਨੇਜ਼ ਨੇ ਗੋਲ ਬਚਾਅ ਲਿਆ।