ਭੁਵਨੇਸ਼ਵਰ:ਲੌਟਾਰੋ ਡੋਮੈਨੇ ਦੀ ਹੈਟ੍ਰਿਕ ਦੀ ਮਦਦ ਨਾਲ ਅਰਜਨਟੀਨਾ ਨੇ ਛੇ ਵਾਰ ਦੀ ਚੈਂਪੀਅਨ ਜਰਮਨੀ ਨੂੰ 4-2 ਨਾਲ ਹਰਾ ਕੇ ਅੱਜ ਇੱਥੇ ਕਾਲਿੰਗਾ ਸਟੇਡੀਅਮ ’ਚ ਆਪਣਾ ਦੂਜਾ ਐੱਫਆਈਐੱਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਖ਼ਿਤਾਬ ਜਿੱਤ ਲਿਆ ਹੈ। ਡੋਮੈਨੇ ਨੇ 10ਵੇਂ, 25ਵੇਂ ਤੇ 50ਵੇਂ ਮਿੰਟ ’ਚ ਤਿੰਨ ਪੈਨਲਟੀ ਕਾਰਨਰ ਗੋਲ ’ਚ ਤਬਦੀਲ ਕੀਤੇ ਜਦਕਿ ਫਰੈਂਕੋ ਅਗਸਤੀਨੋ ਨੇ ਆਖਰੀ ਹੂਟਰ ਤੋਂ ਕੁਝ ਹੀ ਸਕਿੰਟ ਪਹਿਲਾਂ 60ਵੇਂ ਮਿੰਟ ’ਚ ਮੈਦਾਨੀ ਗੋਲ ਦਾਗ ਕੇ ਅਰਜਨਟੀਨਾ ਨੂੰ ਇਸ ਟੂਰਨਾਮੈਂਟ ਦਾ ਦੂਜਾ ਖ਼ਿਤਾਬ ਦਿਵਾਇਆ। 

ਜਰਮਨੀ ਲਈ ਜੂਲੀਅਸ ਹਾਇਨਰ ਨੇ 36ਵੇਂ ਮਿੰਟ ਤੇ ਮਾਸ ਪਫਾਂਡਟ ਨੇ 47ਵੇਂ ਮਿੰਟ ’ਚ ਗੋਲ ਦਾਗੇ। ਅਰਜਨਟੀਨਾ ਨੇ ਇਸ ਤੋਂ ਪਹਿਲਾਂ 2005 ’ਚ ਰੌਟਰਡਮ ’ਚ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਇਹ ਖ਼ਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਤੀਜੇ ਤੇ ਚੌਥੇ ਸਥਾਨ ਲਈ ਹੋਏ ਮੁਕਾਬਲੇ ’ਚ ਫਰਾਂਸ ਨੇ ਸਾਬਕਾ ਚੈਂਪੀਅਨ ਭਾਰਤ ਨੂੰ 3-1 ਨਾਲ ਹਰਾਇਆ।