ਬਿਊਨਸ ਆਇਰਸ, 21 ਦਸੰਬਰ
ਫੀਫਾ ਵਿਸ਼ਵ ਕੱਪ ਦਾ ਖਿਤਾਬ ਜਿੱਤ ਕੇ ਪਰਤੀ ਅਰਜਨਟੀਨਾ ਦੀ ਚੈਂਪੀਅਨ ਟੀਮ ਦੇ ਸਵਾਗਤ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅੱਜ ਤੜਕੇ ਹਵਾਈ ਅੱਡੇ ’ਤੇ ਇਕੱਠੇ ਹੋਏ। ਸਵੇਰੇ 3 ਵਜੇ ਅਰਜਨਟੀਨਾ ਦੀ ਰਾਜਧਾਨੀ ਦੇ ਬਿਲਕੁਲ ਬਾਹਰ ਇਜ਼ੇਇਜ਼ਾ ਹਵਾਈ ਅੱਡੇ ’ਤੇ ਪਹੁੰਚਣ ਮਗਰੋਂ ਪ੍ਰਸ਼ੰਸਕਾਂ ਨੇ ਕਪਤਾਨ ਲਿਓਨਲ ਮੈਸੀ ਦੀ ਅਗਵਾਈ ਹੇਠਲੀ ਟੀਮ ਦਾ ‘ਰੈੱਡ ਕਾਰਪੇਟ’ ਵਿਛਾ ਕੇ ਸਵਾਗਤ ਕੀਤਾ।
ਸਭ ਤੋਂ ਪਹਿਲਾਂ ਮੈਸੀ ਕੋਚ ਲਿਓਨਲ ਸਕਾਲੋਨੀ ਨਾਲ ਵਿਸ਼ਵ ਕੱਪ ਟਰਾਫੀ ਫੜ ਕੇ ਜਹਾਜ਼ ਤੋਂ ਉਤਰਿਆ। ਇਸ ਮਗਰੋਂ ਟੀਮ ਦੇ ਮੈਂਬਰ ਇੱਕ ਓਪਨ ਬੱਸ ਵਿੱਚ ਸਵਾਰ ਹੋਏ ਅਤੇ ਅਰਜਨਟੀਨਾ ਫੁਟਬਾਲ ਐਸੋਸੀਏਸ਼ਨ (ਏਐਫਏ) ਦੇ ਹੈੱਡਕੁਆਰਟਰ ਲਈ ਰਵਾਨਾ ਹੋਏ। ਖਿਡਾਰੀਆਂ ਦੀ ਝਲਕ ਪਾਉਣ ਲਈ ਵੱਡੀ ਗਿਣਤੀ ਪ੍ਰਸ਼ੰਸਕ ਹਾਈਵੇਅ ’ਤੇ ਇਕੱਠੇ ਹੋ ਗਏ, ਜਿਸ ਕਾਰਨ ਬੱਸ ਬਹੁਤ ਹੌਲੀ ਚੱਲ ਰਹੀ ਸੀ। ਬੱਸ ਨੂੰ ਹਵਾਈ ਅੱਡੇ ਤੋਂ ਏਐੱਫਏ ਹੈੱਡਕੁਆਰਟਰ ਤੱਕ ਲਗਪਗ 11 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਕਰੀਬ ਇੱਕ ਘੰਟਾ ਲੱਗਿਆ, ਜਿੱਥੇ ਖਿਡਾਰੀਆਂ ਦਾ ਆਤਿਸ਼ਬਾਜ਼ੀ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਕਈ ਖਿਡਾਰੀਆਂ ਨੇ ਸਵਾਗਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਸਾਂਝੀਆਂ ਕੀਤੀਆਂ। ਉਧਰ ਜਿੱਤ ਦਾ ਜਸ਼ਨ ਮਨਾਉਣ ਲਈ ਰਾਸ਼ਟਰਪਤੀ ਐਲਬਰਟੋ ਫਰਨਾਂਡੇਜ਼ ਨੇ ਮੰਗਲਵਾਰ ਨੂੰ ਕੌਮੀ ਛੁੱਟੀ ਦਾ ਐਲਾਨ ਕੀਤਾ ਹੈ। ਉਨ੍ਹਾਂ ਟੀਮ ਨੂੰ ਜਿੱਤ ਦੀ ਵਧਾਈ ਵੀ ਦਿੱਤੀ।
ਜ਼ਿਕਰਯੋਗ ਹੈ ਕਿ ਅਰਜਨਟੀਨਾ ਨੇ ਐਤਵਾਰ ਨੂੰ ਫਾਈਨਲ ’ਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾ ਕੇ 36 ਸਾਲਾਂ ਦੇ ਵਿਸ਼ਵ ਖਿਤਾਬ ਦੇ ਸੋਕੇ ਨੂੰ ਖਤਮ ਕਰ ਕੇ ਤੀਜੀ ਵਾਰ ਵਿਸ਼ਵ ਕੱਪ ਜਿੱਤਿਆ। ਮੈਚ ਨਿਯਮਤ ਸਮੇਂ ਤੋਂ ਬਾਅਦ 2-2 ਅਤੇ ਵਾਧੂ ਸਮੇਂ ਦੇ 30 ਮਿੰਟ ਬਾਅਦ 3-3 ਨਾਲ ਬਰਾਬਰ ਰਿਹਾ, ਜਿਸ ਤੋਂ ਬਾਅਦ ਨਤੀਜਾ ਸ਼ੂਟ ਆਊਟ ਰਾਹੀਂ ਤੈਅ ਕੀਤਾ ਗਿਆ।