*ਮੈਂ ਇਸੇ ਨੀਤੀ ਤੇ ਦਸਤਖ਼ਤ ਕਰਨ ਜਾ ਰਿਹਾ ਹਾਂ-ਟ੍ਰੰਪ
ਸਟਾਰ ਖ਼ਬਰ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਟ੍ਰੰਪ ਪ੍ਰਸਾਸ਼ਨ ਦੀ ਇਮੀਗ੍ਰੇਸ਼ਨ ਮਸਲੇ ਤੇ 0 ਫੀਸਦੀ ਸਹਿਣਸ਼ੀਲਤਾ ਜਿਸ ਤਹਿਤ ਹੁਣ ਤੱਕ 2,000 ਤੋਂ ਵਧੇਰੇ ਬੱਚੇ ਆਪਣੇ ਮਾਪਿਆਂ ਤੋਂ ਅਲੱਗ ਹੋ ਚੁੱਕੇ ਹਨ ਬਿੱਲਕੁੱਲ ਗ਼ਲਤ ਕਦਮ ਹੈ।
ਟਰੂਡੋ ਨੇ ਕਿਹਾ, “ਜੋ ਵੀ ਅਮੈਰਿਕਾ ਵਿੱਚ ਹੋ ਰਿਹਾ ਹੈ ਉਹ ਗ਼ਲਤ ਹੈ।” ਔਟਵਾ ਵਿੱਚ ਬੁੱਧਵਾਰ ਨੂੰ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਉਹਨਾਂ ਕਿਹਾ, “ਮੈਂ ਸੋਚ ਵੀ ਨਹੀਂ ਸਕਦਾ ਕਿ ਜਿਹੜੇ ਪ੍ਰੀਵਾਰਾਂ ਨਾਲ਼ ਅਜਿਹਾ ਹੋ ਰਿਹਾ ਹੈ ਉਹ ਕਿਸ ਸਥਿਤੀ ਵਿੱਚੋਂ ਦੀ ਗੁਜ਼ਰ ਰਹੇ ਹੋਣਗੇ। ਅਸੀਂ ਕੈਨੇਡਾ ਵਿੱਚ ਇਸ ਤਰੀਕੇ ਨਾਲ਼ ਪੇਸ਼ ਨਹੀਂ ਆਉਂਦੇ।”
ਕਈ ਦਿਨ ਚੁੱਪ ਰਹਿਣ ਤੋਂ ਬਾਅਦ ਟ੍ਰੰਪ ਦੀ ਇਸ ਨੀਤੀ ਤੇ ਟਰੂਡੋ ਦੀ ਪਹਿਲੀ ਟਿੱਪਣੀ ਹੈ। ਜਦੋਂ ਐੱਨ.ਡੀ.ਪੀ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਇਸ ਸਵਾਲ ਉਠਾਇਆ ਸੀ ਤਾਂ ਟਰੂਡੋ ਨੇ ਵਿਰੋਧੀਆਂ ਨੂੰ ਮੁੱਦੇ ਤੇ ਰਾਜਨੀਤੀ ਕਰਨ ਤੋਂ ਰੋਕਿਆ ਸੀ।
ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਇੱਕ ਵਾਰ ਫਿਰ ਕਿਹਾ ਕਿ ਸਰਕਾਰ ਬੱਚਿਆਂ ਤੇ ਪੈਣ ਵਾਲੇ ਅਸਰ ਤੇ ਨਜ਼ਰ ਰੱਖ ਰਹੀ ਹੈ ਪਰ ਨਾਲ਼ ਹੀ ਉਹਨਾਂ ਨੇ ਇਸ ਦੀ ਨਿੰਦਾ ਵੀ ਕੀਤੀ ਹੈ।
ਮੰਤਰੀ ਨੇ ਕਿਹਾ, “ਇਹ ਸਾਫ ਤੌਰ ਤੇ ਗ਼ਲਤ ਹੈ।”
ਹੁਸੈਨ ਨੇ ਦੱਸਿਆ ਕਿ ਕੈਨੇਡਾ ਅਤੇ ਅਮੈਰਿਕਾ ਦੋਵੇਂ ਸੰਯੁਕਤ ਰਾਸ਼ਟਰ ਦੇ ਰਫਿਊਜੀ ਵਿਭਾਗ ਨਾਲ਼ ਸੇਫ ਥਰਡ ਕੰਟਰੀ ਸਮਝੌਤੇ ਦਾ ਵਿਸਲੇਸ਼ਣ ਕਰ ਰਹੇ ਹਨ ਜਿਸ ਤਹਿਤ ਦੋਵਾਂ ਮੁਲਕਾਂ ਵਿੱਚੋਂ ਇੱਕ ਦੂਜੇ ਦੇ ਮੁਲਕ ਵਿੱਚ ਜਾ ਕੇ ਰਫਿਊਜੀ ਕਲੇਮ ਨਹੀਂ ਕੀਤਾ ਜਾ ਸਕਦਾ। ਪਰ ਹੂਸੈਨ ਨੇ ਇਸ ਬਾਰੇ ਕੋਈ ਸਮਾਂ ਸੀਮਾ ਨਹੀਂ ਦਿੱਤੀ ਹੈ।
ਇਸ ਤੋਂ ਪਹਿਲਾਂ ਹੁਸੈਨ ਕਹਿ ਚੁੱਕੇ ਹਨ ਕਿ ਦੋਵਾਂ ਮੁਲਕਾਂ ਵਿਚਕਾਰ ਇਸ 14 ਸਾਲ ਪੁਰਾਣੇ ਸਮਝੌਤੇ ਦਾ ਕੈਨੇਡਾ ਨੂੰ ਕਾਫੀ ਲਾਭ ਮਿਲ ਰਿਹਾ ਹੈ ਪਰ ਇਸ ਨੂੰ ਮੌਜੂਦਾ ਹਾਲਾਤਾਂ ਦੇ ਮੁਤਾਬਿਕ ਨਵਿਆਉਣ ਦੀ ਜ਼ਰੂਰਤ ਵੀ ਹੈ।
ਇਮੀਗ੍ਰੇਸ਼ਨ ਵਿਭਾਗ ਵੱਲੋਂ ਦਿੱਤੇ ਅੰਕੜਿਆਂ ਮੁਤਾਬਿਕ ਪਿਛਲੇ ਸਾਲ ਇਸ ਸਮਝੌਤੇ ਤਹਿਤ ਕੈਨੇਡਾ ਵੱਲੋਂ 1949 ਰਫਿਊਜੀ ਵਾਪਿਸ ਅਮੈਰਿਕਾ ਮੋੜੇ ਗਏ ਹਨ। ਸੰਨ 2015 ਵਿੱਚ 731, ਸੰਨ 2015 418 ਜਦੋਂ ਕਿ 2014 ਵਿੱਚ ਸਿਰਫ 456 ਅਜਿਹੇ ਰਫਿਊਜੀ ਵਾਪਿਸ ਮੋੜੇ ਗਏ ਸਨ ਜੋ ਪਿਛਲੇ ਸਾਲ ਨਾਲੋਂ ਕਾਫੀ ਘੱਟ ਹਨ।
ਪ੍ਰੀਵਾਰਾਂ ਵਿਚਕਾਰ ਵਿਛੋੜਾ ਪਿਛਲੇ ਸਾਲ ਪੈਣਾ ਸ਼ੁਰੂ ਹੋਇਆ ਸੀ ਜਦੋਂ ਅਮੈਰਿਕੀ ਅਟੌਰਨੀ ਜਨਰਲ ਜੈੱਫ ਸੈਸ਼ਨਜ਼ ਜ਼ੀਰੋ ਸਹਿਣਸ਼ੀਲਤਾ ਨੀਤੀ ਤੇ ਦਸਤਖ਼ਤ ਕੀਤੇ ਸਨ। ਇਸ ਤਹਿਤ ਗ਼ੈਰ ਕਾਨੂੰਨੀ ਤਰੀਕੇ ਅਮੈਰਿਕਾ ਆਉਣ ਵਾਲਿਆਂ ਨੂੰ ਫੈਡਰਲ ਕਾਨੂੰਨ ਤਹਿਤ ਮੁਕੱਦਮੇ ਚਲਾ ਕੇ ਜੇਲ੍ਹ ਭੇਜਿਆ ਜਾਂਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਉਹਨਾਂ ਦੇ ਬੱਚੇ ਮਾਪਿਆਂ ਤੋਂ ਅਲੱਗ ਹੋ ਜਾਂਦੇ ਹਨ।
ਟ੍ਰੰਪ ਦੀ ਇਸ ਨੀਤੀ ਕਾਰਨ ਮਨੁੱਖੀ ਅਧਿਕਾਰ ਗਰੁੱਪਾਂ, ਰਫਿਊਜੀ ਵਕੀਲਾਂ ਅਤੇ ਐੱਨæਡੀæਪੀ ਨੇ ਸੇਫ ਥਰਡ ਕੰਟਰੀ ਐਗਰੀਮੈਂਟ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਇੱਕ ਆਜ਼ਾਦ ਸੈਨੇਟਰ ਰਤਨਾ ਓਮੀਡਵਾਰ ਜਿੰਨਾਂ ਨੂੰ ਅੰਤਰਰਾਸ਼ਟਰੀ ਇਮੀਗ੍ਰੇਸ਼ਨ ਦੀ ਮਾਹਿਰ ਮੰਨਿਆ ਜਾਂਦਾ ਹੈ ਦਾ ਮੰਨਣਾ ਹੈ ਕਿ ਅਮੈਰਿਕਾ ਦੀ ਬਦਲੀ ਨੀਤੀ ਏਹੀ ਕਹਿੰਦੀ ਹੈ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਐਸਟੀਸੀਏ ਖ਼ਤਮ ਕਰ ਦਿੱਤਾ ਜਾਵੇ। ਬੱਚਿਆਂ ਨੂੰ ਮਾਪਿਆਂ ਤੋਂ ਖੋਹ ਲੈਣ ਦੇ ਵਰਤਾਰੇ ਬਾਰ ਬਹੁਤਿਆਂ ਨੂੰ ਲੱਗਣ ਲੱਗਾ ਹੈ ਕਿ ਹੁਣ ਅਮੈਰਿਕਾ ਬੱਚਿਆਂ ਲਈ ਸੁਰੱਖਿਅਤ ਮੁਲਕ ਨਹੀਂ ਰਿਹਾ ਹੈ ਅਤੇ ਅਜਿਹੇ ਮੁਲਕ ਨਾਲ਼ ਸਾਡਾ ਸਮਝੌਤਾ ਬਰਕਰਾਰ ਨਹੀਂ ਰਹਿ ਸਕਦਾ।
ਓਧਰ ਪਤਾ ਲੱਗਾ ਹੈ ਕਿ ਅਮੈਰਿਕਾ ਦੇ ਗ੍ਰਹਿ ਸਕੱਤਰ ਕਿਰਸਟਨ ਨੀਲਸਨ ਨੇ ਡੋਨਲਡ ਟ੍ਰੰਪ ਲਈ ਇੱਕ ਨੀਤੀ ਤਿਆਰ ਕੀਤੀ ਹੈ ਜਿਸ ਤਹਿਤ ਟ੍ਰੰਪ ਸਿੱਧੇ ਤੌਰ ਤੇ ਗ੍ਰਹਿ ਸਕੱਤਰ ਦੇ ਵਿਭਾਗ ਨੂੰ ਕਹਿਣਗੇ ਕਿ ਕੈਦ ਵਿੱਚ ਲਏ ਜਾਣ ਵਾਲੇ ਪ੍ਰੀਵਾਰਾਂ ਨੂੰ ਇਕੱਠਿਆਂ ਰੱਖਿਆ ਜਾਵੇ। ਅਜਿਹਾ ਟ੍ਰੰਪ ਦੀ ਸੰਸਾਰ ਪੱਧਰ ਤੇ ਹੋ ਰਹੀ ਨਿਖੇਧੀ ਕਾਰਨ ਕੀਤਾ ਜਾ ਰਿਹਾ ਹੈ।