ਚੰਡੀਗੜ੍ਹ, 3 ਫਰਵਰੀ
ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਫੈਡਰੇਸ਼ਨ ਲਿਮਿਟਡ (ਮਿਲਕਫੈੱਡ) ਜੋ ਕਿ ਵੇਰਕਾ ਬਰਾਂਡ ਤਹਿਤ ਦੁੱਧ ਦੇ ਵੱਖ-ਵੱਖ ਉਤਪਾਦ ਵੇਚਦਾ ਹੈ, ਨੇ ਦੁੱਧ ਦੇ ਭਾਅ ਵਿੱਚ ਤਿੰਨ ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ। ਇਹ ਵਾਧਾ 4 ਫਰਵਰੀ ਤੋਂ ਲਾਗੂ ਹੋਵੇਗਾ।
ਇਨ੍ਹਾਂ ਵਧੀਆਂ ਕੀਮਤਾਂ ਤਹਿਤ ਸਟੈਂਡਰਡ ਦੁੱਧ ਦਾ ਭਾਅ ਜੋ ਕਿ ਇਸ ਵੇਲੇ 57 ਰੁਪਏ ਹੈ, 4 ਫਰਵਰੀ ਤੋਂ 60 ਰੁਪਏ ਪ੍ਰਤੀ ਲਿਟਰ ਹੋ ਜਾਵੇਗਾ ਜਦਕਿ ਫੁੱਲ ਕ੍ਰੀਮ ਦੁੱਧ ਜਿਸ ਦਾ ਭਾਅ ਇਸ ਵੇਲੇ 60 ਰੁਪਏ ਪ੍ਰਤੀ ਲਿਟਰ ਹੈ, ਹੁਣ 66 ਰੁਪਏ ਪ੍ਰਤੀ ਲਿਟਰ ਹੋਵੇਗਾ। ਟੋਨਡ ਦੁੱਧ ਜਿਸ ਦਾ ਭਾਅ ਪਹਿਲਾਂ 51 ਰੁਪਏ ਪ੍ਰਤੀ ਲਿਟਰ ਸੀ, ਹੁਣ 54 ਰੁਪੲੇ ਪ੍ਰਤੀ ਲਿਟਰ ਹੋਵੇਗਾ।
ਇਸ ਤੋਂ ਪਹਿਲਾਂ ਅਮੂਲ ਬਰਾਂਡ ਤਹਿਤ ਦੁੱਧ ਦੇ ਉਤਪਾਦਾਂ ਦੀ ਵਿਕਰੀ ਕਰਨ ਵਾਲੇ ਗੁਜਰਾਤ ਸਹਿਕਾਰੀ ਦੁੱਧ ਉਤਪਾਦਕ ਮਾਰਕਿਟਿੰਗ ਫੈਡਰੇਸ਼ਨ ਵੱਲੋਂ ਅੱਜ ਤੋਂ ਗੁਜਰਾਤ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਵਿੱਚ ਦੁੱਧ ਦੀਆਂ ਕੀਮਤਾਂ ’ਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਗਿਆ। ਇਸ ਵਾਧੇ ਤਹਿਤ ਅਮੂਲ ਤਾਜ਼ਾ ਦਾ ਇੱਕ ਲਿਟਰ ਦੁੱਧ ਹੁਣ 54 ਰੁਪਏ, ਅਮੂਲ ਗੋਲਡ 66 ਰੁਪਏ, ਗਾਂ ਦਾ ਦੁੱਧ 56 ਰੁਪਏ ਅਤੇ ਅਮੂਲ ਏ2 ਮੱਝ ਦਾ ਦੁੱਧ 70 ਰੁਪਏ ਵਿੱਚ ਮਿਲੇਗਾ।