ਮੁੰਬਈ, 27 ਅਗਸਤਅਦਾਕਾਰ ਅਮਿਤਾਭ ਬੱਚਨ ਦੇ ਅੰਗ ਰੱਖਿਅਕ ਵਜੋਂ ਤਾਇਨਾਤ ਮੁੰਬਈ ਪੁਲੀਸ ਦੇ ਹੌਲਦਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਖਬਰਾਂ ਸਨ ਕਿ ਉਸ ਦੀ ਸਾਲਾਨਾ ਆਮਦਨ 1.5 ਕਰੋੜ ਰੁਪਏ ਹੈ। ਅਧਿਕਾਰੀ ਨੇ ਦੱਸਿਆ ਕਿ ਜਿਤੇਂਦਰ ਸ਼ਿੰਦੇ ਨੂੰ 2015 ਵਿੱਚ ਅਮਿਤਾਭ ਦਾ ਬਾਡੀਗਾਰਡ ਨਿਯੁਕਤ ਕੀਤਾ ਗਿਆ ਸੀ। ਉਸ ਨੂੰ ਦੱਖਣੀ ਮੁੰਬਈ ਦੇ ਡੀਬੀ ਮਾਰਗ ਪੁਲੀਸ ਸਟੇਸ਼ਨ ਵਿੱਚ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਬੱਚਨ ਨੂੰ ਮੁੰਬਈ ਪੁਲੀਸ ਵੱਲੋਂ ‘ਐਕਸ’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। 2015 ਵਿੱਚ ਬਾਡੀਗਾਰਡ ਵਜੋਂ ਤਾਇਨਾਤ ਹੋਣ ਤੋਂ ਬਾਅਦ ਸ਼ਿੰਦੇ ਅਦਾਕਾਰ ਦੇ ਨਾਲ ਸੀ। ਹਾਲ ਹੀ ਵਿੱਚ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸ਼ਿੰਦੇ ਸੁਪਰਸਟਾਰ ਦੇ ਬਾਡੀਗਾਰਡ ਵਜੋਂ ਤਾਇਨਾਤੀ ਦੌਰਾਨ ਹਰ ਸਾਲ 1.5 ਕਰੋੜ ਰੁਪਏ ਕਮਾਉਂਦਾ ਹੈ। ਸੂਤਰਾਂ ਨੇ ਦੱਸਿਆ ਕਿ ਸ਼ਿੰਦੇ ਭਰੋਸੇਯੋਗ ਅੰਗ ਰੱਖਿਅਕਾਂ ਵਿੱਚੋਂ ਇੱਕ ਸੀ ਤੇ ਉਸ ਨੂੰ ਕਈ ਵਾਰ ਬੱਚਨ ਦੇ ਨਾਲ ਦੇਖਿਆ ਗਿਆ। ਉਸ ਦੀ ਪਤਨੀ ਏਜੰਸੀ ਚਲਾਉਂਦੀ ਹੈ, ਜੋ ਕਿ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ। ਰਾਜ ਸਰਕਾਰ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਸ਼ਿੰਦੇ ਨੇ ਪੁਲੀਸ ਵਿਭਾਗ ਨੂੰ ਆਪਣੀ ਸੰਪਤੀ ਦੇ ਵੇਰਵੇ ਮੁਹੱਈਆ ਕਰਵਾਏ ਸਨ ਜਾਂ ਨਹੀਂ।