ਮੁੰਬਈ:ਉੱਘੇ ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਵੱਲੋਂ ਆਪਣੀ ਗ਼ਲਤੀ ਦਰੁਸਤ ਕਰਨ ਅਤੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਕਵਿਤਾ ਦਾ ਸਿਹਰਾ ਪ੍ਰਸੂਨ ਜੋਸ਼ੀ ਨੂੰ ਦੇਣ ਮਗਰੋਂ ਅੱਜ ਕਵੀ-ਗੀਤਕਾਰ ਜੋਸ਼ੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜੋਸ਼ੀ ਨੇ ਆਖਿਆ,‘‘ਮੈਂ ਖੁਸ਼ੀ ਮਹਿਸੂਸ ਕਰਦਾ ਜੇਕਰ ਮੇਰੀ ਕਵਿਤਾ ‘ਰੁਕੇ ਨਾ ਤੂ’ ਇਸ ਔਖੇ ਸਮੇਂ ਸਹਿਯੋਗ ਕਰ ਸਕਦੀ ਹੈ ਜਿਸ ਦਾ ਹਵਾਲਾ ਸਤਿਕਾਰਯੋਗ ਅਮਿਤ ਜੀ ਨੇ ਦਿੱਤਾ ਸੀ। ਇਹ ਕਵਿਤਾ ਇੰਟਰਨੈੱਟ ਦੀਆਂ ਬਹੁਤ ਸਾਰੀਆਂ ਸਾਈਟਾਂ ਉੱਤੇ ਮਰਹੂਮ ਹਰਿਵੰਸ਼ ਰਾਏ ਬੱਚਨ ਦੀ ਕਵਿਤਾ ਵਜੋਂ ਵਿਚਾਰੀ ਗਈ ਸੀ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੇਰੀ ਲਿਖਤ ਵਿਚੋਂ ਹਰਿਵੰਸ਼ ਰਾਏ ਦੀ ਝਲਕ ਪਈ। ਮੇਰਾ ਮਾਂ ਸਰਸਵਤੀ ਨੂੰ ਸਲਾਮ।’’ ਜਾਣਕਾਰੀ ਅਨੁਸਾਰ ਇਹ ਮਾਮਲਾ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਅਮਿਤਾਭ ਬੱਚਨ ਵੱਲੋਂ ਕਵਿਤਾ ‘ਰੁਕੇ ਨਾ ਤੂ’ ਸਾਂਝੀ ਕਰਨ ਨਾਲ ਸ਼ੁਰੂ ਹੋਇਆ। ਉਨ੍ਹਾਂ ਗ਼ਲਤੀ ਨਾਲ ਦਾਅਵਾ ਕੀਤਾ ਸੀ ਕਿ ਇਹ ਕਵਿਤਾ ਉਸ ਦੇ ਪਿਤਾ ਮਰਹੂਮ ਕਵੀ ਹਰਿਵੰਸ਼ ਰਾਏ ਬੱਚਨ ਨੇ ਲਿਖੀ ਸੀ। ਇਸ ਸਬੰਧੀ ਅੱਜ ਅਮਿਤਾਭ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੀ ਗ਼ਲਤੀ ਮੰਨੀ ਅਤੇ ਆਖਿਆ ਕਿ ਇਹ ਕਵਿਤਾ ਅਸਲ ਵਿਚ ਕਵੀ-ਗੀਤਕਾਰ ਪ੍ਰਸੂਨ ਜੋਸ਼ੀ ਨੇ ਲਿਖੀ ਹੈ। ਅਮਿਤਾਭ ਨੇ ਹਵਾਲਾ ਦਿੱਤਾ ਸੀ ਕਿ ਇਹ ਕਵਿਤਾ ਕਰੋਨਾ ਦੇ ਦੂਜੇ ਦੌਰ ਦੌਰਾਨ ਮੂਹਰਲੀ ਕਤਾਰ ਵਿਚ ਕੰਮ ਕਰ ਰਹੇ ਕਾਮਿਆਂ ਨੂੰ ਉਤਸ਼ਾਹਿਤ ਕਰਦੀ ਹੈ।