ਮੁੰਬਈ, 

ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਫਿਲਮ ਇੰਡਸਟਰੀ ’ਚ ਕੰਮ ਕਰਦਿਆਂ 52 ਸਾਲ ਹੋ ਗਏ ਹਨ। ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਆਪਣੇ ਫਿਲਮੀ ਸਫ਼ਰ ’ਤੇ ਝਾਤੀ ਮਾਰਦਿਆਂ ਸਮਾਂ ਇੰਨੀ ਛੇਤੀ ਲੰਘਣ ’ਤੇ ਹੈਰਾਨੀ ਪ੍ਰਗਟਾਈ। ਅਦਾਕਾਰ ਨੇ ਇੰਸਟਾਗ੍ਰਾਮ ’ਤੇ ਇੱਕ ਪੋਸਟਰ ਸਾਂਝਾ ਕੀਤਾ, ਜਿਸ ਵਿੱਚ ਉਸ ਦੀਆਂ ਰਿਲੀਜ਼ ਹੋਈਆਂ ਫਿਲਮਾਂ ਦਾ ਵੇਰਵਾ ਸ਼ਾਮਲ ਹੈ। ਪੋਸਟਰ ਵਿੱਚ ਉਸ ਦੀ ਪਹਿਲੀ ਫਿਲਮ ‘ਸਾਤ ਹਿੰਦੁਸਤਾਨੀ’ ਨੂੰ ਦਿਖਾਇਆ ਗਿਆ ਹੈ, ਜੋ 1969 ਵਿੱਚ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ ‘ਦੀਵਾਰ’, ‘ਜ਼ੰਜੀਰ’, ‘ਅਭਿਮਾਨ’, ‘ਕੁਲੀ’, ‘ਖ਼ੁਦਾ ਗਵਾਹ’, ‘ਸੂਰਿਆਵੰਸ਼ਮ’, ‘ਕਭੀ ਖ਼ੁਸ਼ੀ ਕਭੀ ਗਮ’, ‘ਬਾਗਬਾਨ’, ‘ਪਾ’, ‘ਸਰਕਾਰ’ ਅਤੇ ‘ਗੁਲਾਬੋ ਸਿਤਾਬੋ’ ਸਮੇਤ ਕਈ ਫਿਲਮਾਂ ਦੇ ਬੈਨਰ ਵੀ ਪੋਸਟਰ ਵਿੱਚ ਸ਼ਾਮਲ ਕੀਤੇ ਗਏ ਹਨ। ਅਮਿਤਾਭ ਨੇ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ, ‘‘ਸ਼ਾਨਦਾਰ 52 ਸਾਲ… ਈਐੱਫ ਮੋਜਿਜ਼ ਇਸ ਸਭ ਨੂੰ ਇਕੱਠਾ ਕਰਨ ਲਈ ਧੰਨਵਾਦ… ਹਾਲੇ ਵੀ ਸੋਚ ਰਿਹਾ ਹਾਂ ਕਿ ਇਹ ਸਭ ਕਿਵੇਂ ਹੋ ਗਿਆ।’’ ਅਦਾਕਾਰ ਨੇ ਕਰੋਨਾ ਮਹਾਮਾਰੀ ਦੌਰਾਨ ਪੀੜਤਾਂ ਦੇ ਇਲਾਜ ਲਈ ਜੁਹੂ ਵਿੱਚ ਆਕਸੀਜਨ ਦੀ ਸਹੂਲਤ ਵਾਲੇ 25 ਬੈੱਡ ਦਾਨ ਕੀਤੇ ਹਨ।