ਮੁੰਬਈ:ਬੌਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਚਿਹਰੇ’ 27 ਅਗਸਤ ਨੂੰ ਥੀਏਟਰਾਂ ਵਿਚ ਰਿਲੀਜ਼ ਹੋਵੇਗੀ। ਇਹ ਫਿਲਮ ਕੁਝ ਮਹੀਨੇ ਪਹਿਲਾਂ ਰਿਲੀਜ਼ ਹੋਣੀ ਸੀ ਪਰ ਲੌਕਡਾਊਨ ਕਾਰਨ ਅਜਿਹਾ ਨਹੀਂ ਹੋ ਸਕਿਆ। ਫਿਲਮ ਦੀ ਟੀਮ ਰਿਲੀਜ਼ ਲਈ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੀ ਸੀ। ਫਿਲਮ ਦੇ ਨਿਰਮਾਤਾ ਆਨੰਦ ਪੰਡਤ ਨੇ ਇਹ ਜਾਣਕਾਰੀ ਸਾਂਝੀ ਕੀਤੀ। ਇਸ ਫਿਲਮ ਵਿਚ ਅਮਿਤਾਭ ਬੱਚਨ ਵਕੀਲ ਵਜੋਂ ਨਜ਼ਰ ਆਵੇਗਾ ਜਦਕਿ ਇਮਰਾਨ ਹਾਸ਼ਮੀ ਵੱਡੇ ਵਪਾਰੀ ਦਾ ਰੋਲ ਅਦਾ ਕਰ ਰਿਹਾ ਹੈ। ਨਿਰਮਾਤਾ ਰੂਮੀ ਜਾਫਰੀ ਨੇ ਦੱਸਿਆ ਕਿ ਉਹ ਇਸ ਫਿਲਮ ਦੀ ਰਿਲੀਜ਼ ਬਾਰੇ ਕਾਫੀ ਉਤਸੁਕ ਹਨ। ਫਿਲਮ ਦੇ ਨਿਰਮਾਣ ਲਈ ਟੀਮ ਵਲੋਂ ਵੱਡੇ ਯਤਨ ਕੀਤੇ ਗਏ ਹਨ ਜਿਸ ਕਾਰਨ ਉਹ ਚਾਹੁੰਦੇ ਹਨ ਕਿ ਇਹ ਫਿਲਮ ਥੀਏਟਰਾਂ ਵਿਚ ਹੀ ਰਿਲੀਜ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦਰਸ਼ਕਾਂ ਨੂੰ ਇਹ ਫਿਲਮ ਕਾਫੀ ਪਸੰਦ ਆਵੇਗੀ ਕਿਉਂਕਿ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਪਹਿਲੀ ਵਾਰ ਕਿਸੇ ਫਿਲਮ ਵਿਚ ਇਕੱਠੇ ਕੰਮ ਕਰ ਰਹੇ ਹਨ।
ਇਸ ਤੋਂ ਇਲਾਵਾ ਅਮਿਤਾਭ ਬੱਚਨ ਨੇ ਅੱਜ ਇੰਸਟਾਗਰਾਮ ’ਤੇ ਫਿਲਮ ਦੇ ਰਿਲੀਜ਼ ਹੋਣ ਦੀ ਮਿਤੀ ਸਾਂਝੀ ਕੀਤੀ। ਫਿਲਮ ਵਿਚ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਤੋਂ ਇਲਾਵਾ ਅਨੂ ਕਪੂਰ, ਕ੍ਰਿਸਟਲ ਡਿਸੂਜ਼ਾ, ਧਰਿਤੀਮਾਨ ਚੱਕਰਵਰਤੀ, ਰਘੂਵੀਰ ਯਾਦਵ ਤੇ ਸਿਧਾਂਤ ਕਪੂਰ ਨੇ ਅਦਾਕਾਰੀ ਦੇ ਜੌਹਰ ਦਿਖਾਏ ਹਨ।