ਮੁੰਬਈ, 25 ਜੂਨ
ਅਦਾਕਾਰ ਅਮਾਇਰਾ ਦਸਤੂਰ ਕਰੋਨਾ ਮਹਾਮਾਰੀ ਦੀ ਚੱਲ ਰਹੀ ਦੂਜੀ ਲਹਿਰ ਦੌਰਾਨ ਕੋਵਿਡ ਰਾਹਤ ਫੰਡ ਲਈ ਦਾਨ ਕਰ ਰਹੀ ਹੈ। ਮਹਾਮਾਰੀ ਨਾਲ ਦੇਸ਼ ’ਚ ਲੋਕਾਂ ਦੀ ਬਰਬਾਦੀ ਅਤੇ ਅਨੇਕਾਂ ਪਰਿਵਾਰਾਂ ਦੇ ਬੇਘਰ ਹੋਣ ਦਾ ਅਦਾਕਾਰਾ ’ਤੇ ਡੂੰਘਾ ਅਸਰ ਪਿਆ ਹੈ।
ਅਮਾਇਰਾ ਨੇ ਕਿਹਾ, ‘ਕੋਵਿਡ-19 ਨੇ ਸਾਡੇ ਦੇਸ਼ ’ਚ ਬਹੁਤ ਜ਼ਿਆਦਾ ਬਰਬਾਦੀ ਕੀਤੀ ਹੈ ਅਤੇ ਬਹੁਤ ਸਾਰੇ ਪਰਿਵਾਰ ਬੇਘਰ ਹੋਏ ਹਨ। ਇਸ ਲਈ ਅੱਜ ਸਾਨੂੰ ਸਾਰਿਆਂ ਨੂੰ ਬੱਚਿਆਂ ਦੇ ਬੇਹਤਰ ਕੱਲ੍ਹ ਲਈ ਮਦਦ ਕਰਨ ਦੀ ਲੋੜ ਹੈ।’ ਅਦਾਕਾਰਾ ਮੁਤਾਬਕ ਬੱਚਿਆਂ ਨੂੰ ਦੇਸ਼ ਦੀ ਸਚਾਈ ਬਾਰੇ ਵੀ ਜਾਗਰੂਕ ਕਰਨ ਦੀ ਲੋੜ ਹੈ ਤਾਂ ਕਿ ਉਹ ਲੋੜਵੰਦਾਂ ਲਈ ਦਾਨ ਕਰਨਾ ਸਿੱਖ ਸਕਣ। ਅਮਾਇਰਾ ਨੇ ਸੁਝਾਅ ਦਿੱਤਾ, ‘ਬੱਚਿਆਂ ਨੂੰ ਭੁਲੇਖੇ ’ਚ ਨਹੀਂ ਰਹਿਣਾ ਚਾਹੀਦਾ। ਗ਼ਰੀਬੀ ਭਾਰਤ ਵਿੱਚ ਇੱਕ ਵੱਡੀ ਤ੍ਰਾਸਦੀ ਹੈ। ਬੱਚਿਆਂ ਨੂੰ ਇਹ ਸਚਾਈ ਜਾਣਨ ਦੀ ਲੋੜ ਹੈ ਤਾਂ ਕਿ ਵੱਡੇ ਹੋ ਕੇ ਉਹ ਮਦਦ ਕਰ ਸਕਣ ਤੇ ਉਨ੍ਹਾਂ ਦੀ ਜ਼ਿੰਦਗੀ ’ਚ ਅੰਤਰ ਪਛਾਣ ਸਕਣ ਜੋ ਉਨ੍ਹਾਂ ਤੋਂ ਘੱਟ ਕਿਸਮਤ ਵਾਲੇ ਹਨ।’
ਛੋਟੀਆਂ ਗ਼ੈਰ ਸਰਕਾਰੀ ਸੰਸਥਾਵਾਂ (ਐੱਨਜੀਓਜ਼) ਨੂੰ ਦਾਨ ਲਈ ਪਹਿਲ ਦੇਣ ਬਾਰੇ ਅਮਾਇਰਾ ਨੇ ਕਿਹਾ, ‘ਵੱਡੇ ਐੱਨਜੀਓਜ਼ ਨਾਲ ਪਹਿਲਾਂ ਹੀ ਵੱਡੀਆਂ ਹਸਤੀਆਂ ਜੁੜੀਆਂ ਹਨ ਜੋ ਬਹੁਤ ਦਾਨ ਦਿੰਦੀਆਂ ਹਨ। ਛੋਟੇ ਐੱਨਜੀਓਜ਼ ਨੂੰ ਮਦਦ ਅਤੇ ਸਹਿਯੋਗ ਤੋਂ ਇਲਾਵਾ ਉਨ੍ਹਾਂ ਦੇ ਆਧਾਰ ’ਤੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ ਤਾਂ ਕਿ ਉਹ ਅੱਗੇ ਵਧ ਸਕਣ।’