ਨਿਊਯਾਰਕ, 5 ਫਰਵਰੀ

ਅਮਰੀਕੀ ਫੁਟਬਾਲ ਲੀਗ ਐੱਨਐੱਫਐੱਲ ਦੇ ਸਟਾਰ ਖਿਡਾਰੀ ਜੁਜੂ ਸਮਿਥ ਸ਼ੂਸਟਰ ਨੇ ਦਿੱਲੀ ਦੀਆਂ ਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮੈਡੀਕਲ ਲੋੜਾਂ ਵਾਸਤੇ ਦਸ ਹਜ਼ਾਰ ਅਮਰੀਕੀ ਡਾਲਰ ਦਾਨ ਕੀਤੇ ਹਨ। ਇਸ ਦੇ ਨਾਲ ਹੀ ਅਮਰੀਕੀ ਬਾਸਕਟਬਾਲ ਖਿਡਾਰੀ ਕਾਇਲੀ ਕੁਜ਼ਮਾ ਵੀ ਕਿਸਾਨਾਂ ਦੀ ਮਦਦ ਲਈ ਅੱਗੇ ਆਇਆ ਹੈ। ਇਨ੍ਹਾਂ ਖਿਡਾਰੀਆਂ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਅਮਰੀਕੀ ਪੌਪ ਗਾਇਕਾ ਰਿਹਾਨਾ ਵੱਲੋਂ ਸੋਸ਼ਲ ਮੀਡੀਆ ’ਤੇ ਕਿਸਾਨਾਂ ਦਾ ਸਮਰਥਨ ਕਰਨ ਤੋਂ ਬਾਅਦ ਕੀਤੀ ਹੈ। ਜੁਜੂ ਨੇ ਟਵੀਟ ਰਾਹੀਂ ਆਖਿਆ,‘‘ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮੈਂ ਭਾਰਤ ਵਿਚ ਕਿਸਾਨਾਂ ਨੂੰ ਮੈਡੀਕਲ ਲੋੜਾਂ ਵਾਸਤੇ 10 ਹਜ਼ਾਰ ਡਾਲਰ ਦਿੱਤੇ। ਉਮੀਦ ਹੈ ਕਿ ਇਸ ਨਾਲ ਅਸੀਂ ਕਿਸਾਨੀ ਸੰਘਰਸ਼ ਦੌਰਾਨ ਵਾਧੂ ਜਾਨਾਂ ਜਾਣ ਤੋਂ ਰੋਕ ਸਕਾਂਗੇ।’’ ਇਸ ਦੌਰਾਨ ਬਾਸਕਟਬਾਲ ਖਿਡਾਰੀ ਕਾਇਲੀ ਕੁਜ਼ਮਾ (25) ਨੇ ਟਵੀਟ ਕੀਤਾ,‘‘ਕੀ ਸਾਨੂੰ ਕਿਸਾਨੀ ਸੰਘਰਸ਼ ਬਾਰੇ ਗੱਲ ਕਰਨੀ ਚਾਹੀਦੀ ਹੈ।’’ ਇਸੇ ਤਰ੍ਹਾਂ ਐੱਨਬੀਏ ਦੇ ਸਾਬਕਾ ਖਿਡਾਰੀ ਬੈਰਨ ਡੇਵਿਸ ਨੇ ਆਖਿਆ,‘‘ਕੀ ਅਸੀਂ ਉਸ ਬਾਰੇ ਦੱਸਾਂਗੇ ਜੋ ਭਾਰਤ ਵਿਚ ਵਾਪਰ ਰਿਹਾ ਹੈ? ਚੰਗੇ ਲੋਕ ਆਜ਼ਾਦ ਹੋਣ! ਇਹ ਸੰਘਰਸ਼ਾਂ ਪ੍ਰਤੀ ਬੇਇਨਸਾਫੀ ਹੈ ਜਿਹੜੇ ਕਿਸਾਨ ਜ਼ਿੰਦਗੀ ਜਿਉਣ ਦਾ ਢੰਗ ਪ੍ਰਦਾਨ ਕਰਦੇ ਹਨ ਉਨ੍ਹਾਂ ਨੂੰ ਵੀ ਜੀਵਨ ਬਤੀਤ ਕਰਨ ਦਾ ਅਧਿਕਾਰ ਹੈ।