ਵਾਸ਼ਿੰਗਟਨ, 23 ਅਗਸਤ

ਅਮਰੀਕਾ ਦੀ ਅਦਾਲਤ ਨੇ ਦੇਸ਼ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਦੀ ਅਪੀਲ ਖਾਰਜ ਕਰਦਿਆਂ ਪਾਕਿਸਤਾਨੀ ਮੂਲ ਦੇ ਕੈਨੇਡਿਆਈ ਕਾਰੋਬਾਰੀ ਤਹੱਵੁਰ ਰਾਣਾ ਦੀ ਭਾਰਤ ਨੂੰ ਹਵਾਲਗੀ ’ਤੇ ਫਿਲਹਾਲ ਰੋਕ ਲਾਉਣ ਦਾ ਹੁਕਮ ਦਿੱਤਾ ਹੈ। ਰਾਣਾ ਮੁੰਬਈ ’ਚ 2008 ’ਚ ਹੋਏ ਅਤਿਵਾਦੀ ਹਮਲੇ ’ਚ ਸ਼ਾਮਲ ਹੋਣ ਨਾਲ ਸਬੰਧਤ ਕੇਸ ਦਾ ਸਾਹਮਣਾ ਕਰ ਰਿਹਾ ਹੈ।

ਰਾਣਾ (62) ਨੇ ਕੈਲੀਫੋਰਨੀਆ ਦੇ ਕੇਂਦਰੀ ਜ਼ਿਲ੍ਹੇ ’ਚ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਉਸ ਹੁਕਮ ਖ਼ਿਲਾਫ਼ ‘ਨਾਈਂਥ ਸਰਕਿਟ ਕੋਰਟ’ ’ਚ ਅਪੀਲ ਕੀਤੀ ਹੈ ਜਿਸ ’ਚ ਹੈਬੀਅਸ ਕੋਰਪਸ ਰਿੱਟ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਸੀ। ਸੈਂਟਰਲ ਕੈਲੀਫੋਰਨੀਆ ’ਚ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਡੇਲ ਐੱਸ ਫਿਸ਼ਰ ਨੇ 18 ਅਗਸਤ ਨੂੰ ਆਪਣੇ ਹਾਲ ਹੀ ਵਿੱਚ ਦਿੱਤੇ ਹੁਕਮ ’ਚ ਕਿਹਾ ਕਿ ਰਾਣਾ ਦੀ ਹਵਾਲਗੀ ’ਤੇ ਰੋਕ ਲਾਉਣ ਦੀ ਮੰਗ ਕਰਨ ਵਾਲੀ ਉਸ ਦੀ ਇੱਕ ਪੱਖੀ ਪਟੀਸ਼ਨ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਜੱਜ ਨੇ ਬਾਇਡਨ ਸਰਕਾਰ ਦੀਆਂ ਇਨ੍ਹਾਂ ਸਿਫਾਰਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਰਾਣਾ ਦੀ ਹਵਾਲਗੀ ’ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ।

ਰਾਣਾ ਮੁੰਬਈ ਹਮਲਿਆਂ ’ਚ ਆਪਣੀ ਭੂਮਿਕਾ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ 26/11 ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜਿਆਂ ’ਚੋਂ ਇੱਕ ਪਾਕਿਸਤਾਨੀ-ਅਮਰੀਕੀ ਅਤਿਵਾਦੀ ਡੇਵਿਡ ਕੋਲਮੈਨ ਹੈਡਲੀ ਨਾਲ ਸੰਪਰਕ ਵਿੱਚ ਸੀ।