ਭਾਰਤ ਵਿੱਚ ਅਮਰੀਕੀ ਦੂਤਘਰ ਨੇ ਗਰਭਵਤੀ ਭਾਰਤੀ ਔਰਤਾਂ ਨੂੰ ਵੀਜ਼ਾ ਦੇਣ ਵਿੱਚ ਵਿਸ਼ੇਸ਼ ਚੌਕਸੀ ਦਾ ਐਲਾਨ ਕੀਤਾ ਹੈ। ਦੂਤਘਰ ਨੇ ਕਿਹਾ ਕਿ ਜੇ ਉਹ ਮੰਨਦੇ ਹਨ ਕਿ ਯਾਤਰਾ ਦਾ ਮੁੱਖ ਉਦੇਸ਼ ਅਮਰੀਕਾ ਵਿੱਚ ਜਨਮ ਦੇਣਾ ਅਤੇ ਬੱਚੇ ਲਈ ਅਮਰੀਕੀ ਨਾਗਰਿਕਤਾ ਲੈਣਾ ਹੈ, ਤਾਂ ਉਹ ਵੀਜ਼ਾ ਨਹੀਂ ਦੇਣਗੇ।

ਦੂਤਘਰ ਨੇ ਕਿਹਾ ਕਿ ਇਸ ਦੀ ਇਜਾਜ਼ਤ ਨਹੀਂ ਹੈ। ਅਮਰੀਕਾ ਦਾ ਦਾਅਵਾ ਹੈ ਕਿ ਹਰ ਸਾਲ ਵੱਡੀ ਗਿਣਤੀ ਵਿੱਚ ਗਰਭਵਤੀ ਔਰਤਾਂ ਬੱਚਿਆਂ ਨੂੰ ਜਨਮ ਦੇਣ ਲਈ ਟੂਰਿਸਟ ਵੀਜਾ ‘ਤੇ ਦੇਸ਼ ਵਿਚ ਐਂਟਰੀ ਕਰਦੀਆਂ ਹਨ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਅਜਿਹੀਆਂ ਔਰਤਾਂ ‘ਤੇ ਬੈਨ ਲਾਉਣ ਦ ਐਲਾਨ ਕੀਤਾ ਸੀ।
ਅਮਰੀਕੀ ਦੂਤਘਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਅਮਰੀਕੀ ਕੌਂਸਲਰ ਅਧਿਕਾਰੀ ਸੈਲਾਨੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦੇਣਗੇ ਜੇ ਉਹ ਮੰਨਦੇ ਹਨ ਕਿ ਯਾਤਰਾ ਦਾ ਮੁੱਖ ਉਦੇਸ਼ ਅਮਰੀਕਾ ਵਿੱਚ ਜਨਮ ਦੇਣਾ ਅਤੇ ਬੱਚੇ ਲਈ ਅਮਰੀਕੀ ਨਾਗਰਿਕਤਾ ਲੈਣਾ ਹੈ। ਇਸ ਦੀ ਇਜਾਜ਼ਤ ਨਹੀਂ ਹੈ।” ਅਮਰੀਕਾ ਨੇ ਇਸ ਨੂੰ ਬਰਥ ਟੂਰਿਜਮ ਦਾ ਨਾਂ ਦਿੱਤਾ ਹੈ।

ਅਮਰੀਕਾ ਵਿੱਚ ਪੈਦਾ ਹੋਇਆ ਬੱਚਾ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਦੇ ਤਹਿਤ ਆਪਣੇ ਆਪ ਅਮਰੀਕੀ ਨਾਗਰਿਕ ਬਣ ਜਾਂਦਾ ਹੈ, ਚਾਹੇ ਉਸ ਦੇ ਮਾਤਾ-ਪਿਤਾ ਦਾ ਇਮੀਗ੍ਰੇਸ਼ਨ ਸਟੇਟਸ ਕੁਝ ਵੀ ਹੋਵੇ। ਇਸ ਨੂੰ “ਬਰਥਰਾਈਟ ਸਿਟੀਜਨਸ਼ਿਪ” ਕਿਹਾ ਜਾਂਦਾ ਹੈ, ਜੋ ਮਾਪਿਆਂ ਨੂੰ ਨਾਗਰਿਕਤਾ ਨਹੀਂ ਦਿੰਦਾ ਪਰ ਬੱਚੇ ਨੂੰ ਸਾਰੇ ਨਾਗਰਿਕਤਾ ਅਧਿਕਾਰ ਪ੍ਰਦਾਨ ਕਰਦਾ ਹੈ, ਜਿਵੇਂ ਕਿ ਅਮਰੀਕੀ ਪਾਸਪੋਰਟ ਲਈ ਅਰਜ਼ੀ ਦੇਣ ਦੀ ਯੋਗਤਾ।

ਦੱਸ ਦੇਈਏ ਕਿ ਜੇ ਕੋਈ ਬੱਚਾ ਅਮਰੀਕੀ ਧਰਤੀ ‘ਤੇ ਪੈਦਾ ਹੁੰਦਾ ਹੈ (ਕੁਝ ਅਪਵਾਦਾਂ ਨੂੰ ਛੱਡ ਕੇ), ਤਾਂ ਉਹ ਜਨਮ ਤੋਂ ਹੀ ਅਮਰੀਕੀ ਨਾਗਰਿਕ ਹੁੰਦਾ ਹੈ। ਹਾਲਾਂਕਿ, ਵਿਦੇਸ਼ੀ ਡਿਪਲੋਮੈਟਾਂ ਦੇ ਬੱਚੇ ਜੋ ਅਮਰੀਕਾ ਵਿੱਚ ਸਰਕਾਰੀ ਡਿਊਟੀ ‘ਤੇ ਪੈਦਾ ਹੋਏ ਹਨ, ਉਨ੍ਹਾਂ ਨੂੰ ਅਮਰੀਕੀ ਨਾਗਰਿਕ ਨਹੀਂ ਮੰਨਿਆ ਜਾਂਦਾ।