ਬੈਂਕਾਕ, 6 ਜੂਨ
ਅਮਰੀਕੀ ਜਲ ਸੈਨਾ ਨੇ ਤਾਇਵਾਨ ਦੇ ਸਮੁੰਦਰੀ ਖੇਤਰ ਵਿਚ ਚੀਨੀ ਤੇ ਅਮਰੀਕੀ ਜਹਾਜ਼ਾਂ ਦੇ ਆਹਮੋ-ਸਾਹਮਣੇ ਹੋਣ ਦੀ ਵੀਡੀਓ ਰਿਲੀਜ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਚੀਨੀ ਜਹਾਜ਼ ਦੀ ਗਤੀਵਿਧੀ ਨੂੰ ‘ਅਸੁਰੱਖਿਅਤ’ ਕਰਾਰ ਦਿੱਤਾ ਸੀ। ਪਿਛਲੇ ਹਫ਼ਤੇ ਚੀਨੀ ਜਲ ਸੈਨਾ ਦੇ ਇਕ ਜਹਾਜ਼ ਨੇ ਅਮਰੀਕੀ ਜੰਗੀ ਬੇੜੇ ਦਾ ਰਾਹ ਕੱਟਿਆ ਸੀ। ਟੱਕਰ ਹੋਣ ਤੋਂ ਬਚਣ ਲਈ ਅਮਰੀਕੀ ਜਹਾਜ਼ ਨੂੰ ਆਪਣੀ ਰਫ਼ਤਾਰ ਹੌਲੀ ਕਰਨੀ ਪਈ ਸੀ। ਇਹ ਘਟਨਾ ਸ਼ਨਿਚਰਵਾਰ ਨੂੰ ਉਸ ਵੇਲੇ ਵਾਪਰੀ ਸੀ ਜਦ ਅਮਰੀਕੀ ਬੇੜਾ ਯੂਐਸਐੱਸ ਚੁੰਗ-ਹੂਨ ਤੇ ਕੈਨੇਡਿਆਈ ਸੁਮੰਦਰੀ ਜਹਾਜ਼ ਐਚਐਮਸੀਐੱਸ ਮਾਂਟਰੀਅਲ ਤਾਇਵਾਨ ਤੇ ਚੀਨ ਵਿਚਕਾਰ ਪੈਂਦੇ ਸਮੁੰਦਰੀ ਇਲਾਕੇ ’ਚ ‘ਆਵਾਜਾਈ ਦੀ ਖੁੱਲ੍ਹ’ ਦੇ ਨਾਂ ਉਤੇ ਗਸ਼ਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਤਾਇਵਾਨ ਉਤੇ ਚੀਨ ਆਪਣਾ ਦਾਅਵਾ ਕਰਦਾ ਹੈ, ਤੇ ਤਾਇਵਾਨ ਸਮੁੰਦਰ ਖੰਡ ਨੂੰ ਆਪਣਾ ਵਿਸ਼ੇਸ਼ ਆਰਥਿਕ ਜ਼ੋਨ ਦੱਸਦਾ ਹੈ। ਹਾਲਾਂਕਿ ਅਮਰੀਕਾ ਤੇ ਇਸ ਦੇ ਸਾਥੀ ਮੁਲਕ ਨਿਯਮਿਤ ਤੌਰ ’ਤੇ ਇਸ ਇਲਾਕੇ ਵਿਚੋਂ ਲੰਘਦੇ ਹਨ ਤੇ ਇਸ ਜਲ ਖੰਡ ਨੂੰ ਕੌਮਾਂਤਰੀ ਪਾਣੀਆਂ ਦਾ ਹਿੱਸਾ ਦੱਸਦੇ ਹਨ। ਸ਼ਨਿਚਰਵਾਰ ਵਾਪਰੀ ਘਟਨਾ ਦੇ ਵੇਰਵਿਆਂ ਮੁਤਾਬਕ ਚੀਨ ਦੇ ਮਿਜ਼ਾਈਲਾਂ ਨਾਲ ਲੈਸ ਜੰਗੀ ਬੇੜੇ ਨੇ ਅਮਰੀਕਾ ਦੇ ਬੇੜੇ ਚੁੰਗ-ਹੂਨ ਤੋਂ ਅੱਗੇ ਲੰਘ ਕੇ ਕਰੀਬ 137 ਮੀਟਰ ਦੀ ਦੂਰੀ ’ਤੇ ਸਾਹਮਣਿਓਂ ਇਸ ਦਾ ਰਾਹ ਕੱਟਿਆ। ਅਮਰੀਕੀ ਬੇੜਾ ਹਾਲਾਂਕਿ ਆਪਣੇ ਪੰਧ ਉਤੇ ਕਾਇਮ ਰਿਹਾ ਪਰ ਇਸ ਨੇ ਰਫ਼ਤਾਰ ਘਟਾ ਲਈ। ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਕਮਾਂਡ ਨੇ ਇਸ ਨੂੰ ਕੌਮਾਂਤਰੀ ਪਾਣੀਆਂ ਵਿਚ ਸੁਰੱਖਿਅਤ ਲਾਂਘੇ ਦੇ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ ਹੈ।